Man Vs Wild : ਉਡੀਕਾਂ ਹੋਣਗੀਆਂ ਖਤਮ, ਅੱਜ ਰਾਤ ਲੋਕ ਦੇਖਣਗੇ PM ਮੋਦੀ ਦਾ ਨਵਾਂ ਰੂਪ
Monday, Aug 12, 2019 - 04:34 PM (IST)

ਨਵੀਂ ਦਿੱਲੀ— ਡਿਸਕਵਰੀ ਦੇ ਮਸ਼ਹੂਰ ਸ਼ੋਅ 'ਮੈਨ ਵਰਸੇਜ਼ ਵਾਈਲਡ' ਦੇਖਣ ਵਾਲਿਆਂ ਦੀ ਉਡੀਕ ਅੱਜ ਖਤਮ ਹੋ ਜਾਵੇਗੀ। ਅੱਜ ਰਾਤ 9 ਵਜੇ ਡਿਸਕਵਰੀ 'ਤੇ ਇਹ ਸ਼ੋਅ ਦਿਖਾਇਆ ਜਾਵੇਗਾ, ਜਿਸ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਡਵੈਂਚਰਰ ਬੇਅਰ ਗ੍ਰਿਲਜ਼ ਨਾਲ ਨਜ਼ਰ ਆਉਣਗੇ। ਇਸ ਸ਼ੋਅ ਦੇ ਪ੍ਰਸਾਰਿਤ ਹੋਣ ਤੋਂ ਪਹਿਲਾਂ ਨਰਿੰਦਰ ਮੋਦੀ ਨੇ ਟਵੀਟ ਕਰ ਕੇ ਕਿਹਾ, ''ਭਾਰਤ ਦੇ ਹਰ-ਭਰੇ ਜੰਗਲਾਂ, ਕੁਦਰਤ ਦੀ ਗੋਦ ਵਿਚ ਵਾਤਾਵਰਣ ਅਤੇ ਜਲਵਾਯੂ ਪਰਿਵਰਤਨ 'ਤੇ ਚਾਨਣਾ ਪਾਉਣ ਦਾ ਇਸ ਤੋਂ ਬਿਹਤਰ ਰਸਤਾ ਕੀ ਹੋ ਸਕਦਾ ਹੈ। ਇਸ ਸ਼ੋਅ ਨੂੰ ਦੇਖ ਕੇ ਤੁਸੀਂ ਭਾਰਤ ਦੇ ਵੱਖ-ਵੱਖ ਖੇਤਰਾਂ ਵਿਚ ਉਨ੍ਹਾਂ ਥਾਂਵਾਂ 'ਤੇ ਜਾਣਾ ਚਾਹੋਗੇ ਅਤੇ ਵਾਤਾਵਰਣ ਸੁਰੱਖਿਆ ਦੀ ਪਹਿਲ ਨਾਲ ਜੁੜਨਾ ਚਾਹੋਗੇ।
ਅੱਜ ਰਾਤ 9 ਵਜੇ ਇਸ ਸ਼ੋਅ ਨੂੰ ਜ਼ਰੂਰ ਦੇਖੋ।'' ਇਸ ਸ਼ੋਅ ਵਿਚ ਮੋਦੀ ਭਾਰਤ ਦੇ ਜੰਗਲੀ ਜੀਵਾਂ ਅਤੇ ਕੁਦਰਤ ਬਾਰੇ ਚਰਚਾ ਕਰਨਗੇ। ਪ੍ਰਧਾਨ ਮੰਤਰੀ ਨੇ ਸ਼ੋਅ ਦੇ ਐਡਵੈਂਚਰਰ ਬੇਅਰ ਗ੍ਰਿਲਜ਼ ਦੇ ਟਵੀਟ 'ਤੇ ਪ੍ਰਤੀਕਿਰਿਆ ਜ਼ਾਹਰ ਕੀਤੀ। ਇਸ ਵਿਚ ਗ੍ਰਿਲਜ਼ ਨੇ ਲੋਕਾਂ ਨੂੰ ਡਿਸਕਰਵੀ 'ਤੇ ਇਸ ਸ਼ੋਅ ਨੂੰ ਦੇਖਣ ਦੀ ਬੇਨਤੀ ਕੀਤੀ। ਗ੍ਰਿਲਜ਼ ਨੇ ਲਿਖਿਆ, ''ਅਸੀਂ ਸਾਰੇ ਮਿਲ ਕੇ ਇਸ ਗ੍ਰਹਿ ਨੂੰ ਬਚਾ ਸਕਦੇ ਹਾਂ, ਸ਼ਾਂਤੀ ਬਣਾ ਕੇ ਰੱਖ ਸਕਦੇ ਹਾਂ ਅਤੇ ਕਦੇ ਹਾਰ ਨਾ ਮੰਨਣ ਦੀ ਭਾਵਨਾ ਨੂੰ ਉਤਸ਼ਾਹਿਤ ਕਰ ਸਕਦੇ ਹਾਂ। ਇਸ ਸ਼ੋਅ ਨੂੰ ਆਨੰਦ ਮਾਣੋ।''
ਇੱਥੇ ਦੱਸ ਦੇਈਏ ਕਿ ਇਹ ਸ਼ੋਅ ਉੱਤਰਾਖੰਡ ਦੇ ਜਿਮ ਕਾਰਬੇਟ ਨੈਸ਼ਨਲ ਪਾਰਕ 'ਚ ਸ਼ੂਟ ਕੀਤਾ ਗਿਆ ਹੈ। ਡਿਸਕਰਵੀ ਚੈਨਲ ਵਲੋਂ ਜਾਰੀ ਕੀਤੇ ਗਏ ਸ਼ੋਅ ਦੇ ਟੀਜ਼ਰ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ। ਪੀ. ਐੱਮ. ਮੋਦੀ ਨੂੰ ਲੈ ਕੇ ਬੇਅਰ ਨੇ ਕਿਹਾ ਸੀ ਕਿ ਉਹ ਬਹੁਤ ਮਜ਼ਬੂਤ ਇਨਸਾਨ ਹਨ। ਉਹ ਇਕ ਅਜਿਹੇ ਸ਼ਖਸ ਹਨ, ਜੋ ਵਾਤਾਵਰਣ ਦੀ ਗੰਭੀਰਤਾ ਨਾਲ ਪਰਵਾਹ ਕਰਦੇ ਹਨ। ਉਨ੍ਹਾਂ ਨੇ ਇਕ ਆਮ ਆਦਮੀ ਵਾਂਗ ਜੰਗਲ ਵਿਚ ਸਮਾਂ ਬਿਤਾਇਆ ਅਤੇ ਮੈਂ ਹੈਰਾਨ ਰਹਿ ਗਿਆ ਕਿ ਉਹ ਸੰਕਟ ਵਿਚ ਵੀ ਸ਼ਾਂਤ ਸਨ।