ਰਾਜਸਥਾਨ ''ਚ ਔਰਤ ਨੂੰ ਨਗਨ ਕਰ ਘੁੰਮਾਇਆ, ਹਿਰਾਸਤ ''ਚ ਲਏ ਗਏ ਪਤੀ ਸਮੇਤ 8 ਲੋਕ
Saturday, Sep 02, 2023 - 11:11 AM (IST)
ਜੈਪੁਰ (ਭਾਸ਼ਾ)- ਰਾਜਸਥਾਨ ਦੇ ਪ੍ਰਤਾਪਗੜ੍ਹ ਜ਼ਿਲ੍ਹੇ ਦੇ ਇਕ ਪਿੰਡ 'ਚ 21 ਸਾਲਾ ਇਕ ਆਦਿਵਾਸੀ ਔਰਤ ਨੂੰ ਨਗਨ ਕਰ ਕੇ ਘੁੰਮਾਏ ਜਾਣ ਦੇ ਮਾਮਲੇ 'ਚ ਉਸ ਦੇ ਪਤੀ ਸਮੇਤ 8 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਕੈਮਰੇ 'ਚ ਕੈਦ ਹੋਈ ਇਸ ਘਟਨਾ ਦੀ ਵੱਖ-ਵੱਖ ਰਾਜਨੀਤਕ ਨੇਤਾਵਾਂ ਨੇ ਆਲੋਚਨਾ ਕੀਤੀ ਹੈ। ਪੁਲਸ ਡਾਇਰੈਕਟਰ ਜਨਰਲ ਉਮੇਸ਼ ਮਿਸ਼ਰਾ ਨੇ ਇਕ ਬਿਆਨ 'ਚ ਕਿਹਾ ਕਿ ਐੱਫ.ਆਈ.ਆਰ. 'ਚ ਛੇੜਛਾੜ, ਔਰਤ ਦੀ ਕੁੱਟਮਾਰ ਅਤੇ ਹੋਰ ਸੰਬੰਧਤ ਧਾਰਾਵਾਂ ਦੇ ਅਧੀਨ 10 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ, ਜਿਨ੍ਹਾਂ 'ਚੋਂ ਮੁੱਖ ਦੋਸ਼ੀ ਸਮੇਤ 8 ਨੂੰ ਹਿਰਾਸਤ 'ਚ ਲਿਆ ਗਿਆ ਹੈ। ਮਿਸ਼ਰਾ ਅਨੁਸਾਰ, ਪੀੜਤਾ ਨੇ ਆਪਣੇ ਪਤੀ ਕਾਨਹਾ ਗੋਮਤੀ ਤੋਂ ਇਲਾਵਾ ਸੂਰਜ, ਬੇਨੀਆ, ਨੇਤੀਆ, ਨਾਥੂ ਅਤੇ ਮਹੇਂਦਰ ਖ਼ਿਲਾਫ਼ ਜ਼ਬਰਨ ਮੋਟਰਸਾਈਕਲ 'ਤੇ ਲਿਜਾਉਣ ਅਤੇ ਪਿੰਡ 'ਚ ਨਗਨ ਕਰ ਕੇ ਘੁੰਮਾਉਣ ਦਾ ਮਾਮਲਾ ਦਰਜ ਕਰਵਾਇਆ ਹੈ। ਬਿਆਨ 'ਚ ਕਿਹਾ ਗਿਆ ਹੈ,''ਮੁੱਖ ਦੋਸ਼ੀ ਕਾਨਹਾ, ਨੇਤੀਆ, ਬੇਨੀਆ, ਪਿੰਟੂ ਅਤੇ ਇਕ ਨਾਬਾਲਗ ਤੋਂ ਇਲਾਵਾ ਅਪਰਾਧ ਦੇ ਚਸ਼ਮਦੀਦ ਪੁਨੀਆ, ਖੇਤੀਆ ਅਤੇ ਮੋਤੀਲਾਲ ਨੂੰ ਹਿਰਾਸਤ 'ਚ ਲਿਆ ਗਿਆ ਹੈ।'' ਪੁਲਸ ਨੇ ਦੱਸਿਆ ਕਿ ਦੌੜਨ ਦੀ ਕੋਸ਼ਿਸ਼ 'ਚ ਕਾਨਹਾ, ਨੇਤੀਆ ਅਤੇ ਬੇਨੀਆ ਜ਼ਖ਼ਮੀ ਹੋ ਗਏ ਅਤੇ ਉਨਾਂ ਦਾ ਇਲਾਜ ਪ੍ਰਤਾਪਗੜ੍ਹ ਜ਼ਿਲ੍ਹਾ ਹਸਪਤਾਲ 'ਚ ਕੀਤਾ ਜਾ ਰਿਹਾ ਹੈ। ਬਿਆਨ ਅਨੁਸਾਰ, ਬਾਕੀ ਦੋਸ਼ੀਆਂ ਦੀ ਭਾਲ ਜਾਰੀ ਹੈ। ਇਲਾਕੇ 'ਚ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਐਡੀਸ਼ਨਲ ਫ਼ੋਰਸ ਤਾਇਨਾਤ ਕੀਤੀ ਗਈ ਹੈ।''
ਧਰਿਆਵਦ ਦੇ ਥਾਣਾ ਇੰਚਾਰਜਚ ਪੇਸ਼ਾਵਰ ਖਾਨ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਔਰਤ ਕਿਸੇ ਹੋਰ ਪੁਰਸ਼ ਨਾਲ ਰਿਸ਼ਤੇ 'ਚ ਸੀ। ਪੁਲਸ ਨੇ ਦੱਸਿਆ ਕਿ ਔਰਤ ਦੇ ਸਹੁਰੇ ਵਾਲੇ ਉਸ ਨੂੰ ਅਗਵਾ ਕਰ ਕੇ ਆਪਣੇ ਪਿੰਡ ਲੈ ਗਏ, ਜਿੱਥੇ ਵੀਰਵਾਰ ਨੂੰ ਇਹ ਘਟਨਾ ਵਾਪਰੀ। ਉਸ ਨੇ ਦੱਸਿਆ ਕਿ ਪੀੜਤਾ ਦੇ ਸਹੁਰੇ ਵਾਲੇ ਉਸ ਤੋਂ ਨਾਰਾਜ਼ ਸਨ, ਕਿਉਂਕਿ ਉਹ ਦੂਜੇ ਪੁਰਸ਼ ਨਾਲ ਰਹਿ ਰਹੀ ਸੀ। ਪੁਲਸ ਅਨੁਸਾਰ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ 6 ਟੀਮਾਂ ਗਠਿਤ ਕੀਤੀਆਂ ਗਈਆਂ ਹਨ ਅਤੇ ਪ੍ਰਤਾਪਗੜ੍ਹ ਦੇ ਪੁਲਸ ਸੁਪਰਡੈਂਟ ਅਮਿਤ ਕੁਮਾਰ ਪਿੰਡ 'ਚ ਡੇਰਾ ਪਾਏ ਹੋਏ ਹਨ। ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਨਿਰਦੇਸ਼ 'ਤੇ ਪੁਲਸ ਡਾਇਰੈਕਟਰ ਜਨਰਲ ਉਮੇਸ਼ ਮਿਸ਼ਰਾ ਨੇ ਏ.ਡੀ.ਜੀ. ਦਿਨੇਸ਼ ਐੱਮ.ਐੱਨ. ਨੂੰ ਸ਼ੁੱਕਰਵਾਰ ਰਾਤ ਪ੍ਰਤਾਪਗੜ੍ਹ ਭੇਜਿਆ। ਗਹਿਲੋਤ ਨੇ ਘਟਨਾ ਦਾ ਨੋਟਿਸ ਲੈਂਦੇ ਹੋਏ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਪੋਸਟ ਕੀਤਾ,''ਇਕ ਸੱਭਿਅਕ ਸਮਾਜ 'ਚ ਅਜਿਹੀਆਂ ਘਟਨਾਵਾਂ ਲਈ ਕੋਈ ਜਗ੍ਹਾ ਨਹੀਂ ਹੈ। ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਖ਼ਿਲਾਫ਼ ਫਾਸਟ ਟ੍ਰੈਕ ਅਦਾਲਤ 'ਚ ਮੁਕੱਦਮਾ ਚਲਾਇਆ ਜਾਵੇਗਾ।'' ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਦੋਸ਼ ਲਗਾਇਆ ਕਿ ਇਕ ਗਰਭਵਤੀ ਔਰਤ ਨੂੰ ਨਗਨ ਕਰ ਕੇ ਲੋਕਾਂ ਦੇ ਸਾਹਮਣੇ ਘੁੰਮਾਉਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਸੀ ਪਰ ਪ੍ਰਸ਼ਾਸਨ ਨੂੰ ਇਸ ਦੀ ਜਾਣਕਾਰੀ ਨਹੀਂ ਸੀ। ਉਨ੍ਹਾਂ ਨੇ ਲੋਕਾਂ ਨੂੰ ਉਕਤ ਵੀਡੀਓ ਸਾਂਝਾ ਨਾ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਇਸ ਘਟਨਾ ਨੇ ਰਾਜਸਥਾਨ ਨੂੰ ਸ਼ਰਮਸਾਰ ਕੀਤਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8