'Hi Baby ! ਜਦੋਂ ਤੱਕ ਤੂੰ ਇਹ ਪੜ੍ਹੇਂਗੀ, ਮੈਂ...', ਹੋਟਲ ਦੇ ਕਮਰੇ 'ਚ ਮਿਲੇ ਬੰਦੇ ਦੇ ਮੈਸੇਜ ਨੇ ਸਭ ਦੀਆਂ ਪਵਾ'ਤੀਆਂ
Friday, Mar 07, 2025 - 01:30 PM (IST)

ਨੈਸ਼ਨਲ ਡੈਸਕ : ਮੁੰਬਈ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਵਿਲੇ ਪਾਰਲੇ ਸਥਿਤ ਇਕ ਮਸ਼ਹੂਰ ਹੋਟਲ ਵਿੱਚ ਇਕ 41 ਸਾਲਾ ਵਿਅਕਤੀ ਵੱਲੋਂ ਫਾਹਾ ਲੈ ਕੇ ਜੀਵਨਲੀਲਾ ਸਮਾਪਤ ਕਰ ਲਈ ਹੈ। ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਇਲਾਕੇ 'ਚ ਸਨਸਨੀ ਫੈਲ ਗਈ ਹੈ। ਮ੍ਰਿਤਕ ਦੀ ਪਛਾਣ ਨਿਸ਼ਾਂਤ ਸੁਮਨਰਾਜ ਤ੍ਰਿਪਾਠੀ ਵਜੋਂ ਹੋਈ ਹੈ, ਜਿਸ ਦੀ ਮਾਂ ਨੀਲਮ ਚਤੁਰਵੇਦੀ (64) ਇੱਕ ਸਮਾਜ ਸੇਵਕਾ ਹੈ। ਘਟਨਾ ਤੋਂ ਬਾਅਦ ਨੀਲਮ ਚਤੁਰਵੇਦੀ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ, ਜਿਸ ਦੇ ਆਧਾਰ 'ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਪੁਲਸ ਦੇ ਅਨੁਸਾਰ, ਨਿਸ਼ਾਂਤ ਨੇ ਆਪਣੇ ਕਮਰੇ ਦੇ ਦਰਵਾਜ਼ੇ 'ਤੇ 'ਡੂ ਨਾਟ ਡਿਸਟਰਬ' ਦਾ ਬੋਰਡ ਲਗਾਇਆ ਹੋਇਆ ਸੀ ਤੇ ਉਸ ਦੀ ਲਾਸ਼ ਬਾਥਰੂਮ 'ਚੋਂ ਲਟਕਦੀ ਮਿਲੀ ਹੈ। ਨਿਸ਼ਾਂਤ ਦੀ ਲਾਸ਼ ਹੋਟਲ ਦੇ ਕਮਰਾ ਨੰਬਰ 4023 ਵਿੱਚ ਫੰਦੇ ਨਾਲ ਲਟਕਦੀ ਮਿਲੀ। ਹਵਾਈ ਅੱਡਾ ਪੁਲਸ ਨੇ ਐੱਨ.ਡੀ.ਆਰ. (ਐਕਸੀਡੈਂਟਲ ਡੈਥ ਰਿਪੋਰਟ) ਦਰਜ ਕੀਤੀ ਹੈ। ਪੋਸਟਮਾਰਟਮ ਤੋਂ ਬਾਅਦ ਉਸ ਦਾ ਸਸਕਾਰ ਸਾਂਤਾਕਰੂਜ਼ ਸ਼ਮਸ਼ਾਨਘਾਟ ਵਿੱਚ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਮੈਰਿਜ ਰਜਿਸਟ੍ਰੇਸ਼ਨ ਨੂੰ ਲੈ ਕੇ ਵੱਡੀ ਖ਼ਬਰ ; ਅਦਾਲਤ ਨੇ ਜਾਰੀ ਕਰ'ਤੇ ਸਖ਼ਤ ਹੁਕਮ
ਮੌਕੇ 'ਤੇ ਪਹੁੰਚੀ ਪੁਲਸ ਟੀਮ ਨੂੰ ਤਫ਼ਤੀਸ਼ ਦੌਰਾਨ ਨਿਸ਼ਾਂਤ ਦੇ ਮੋਬਾਈਲ ਵਿੱਚੋਂ ਇੱਕ ਸੁਸਾਈਡ ਨੋਟ ਮਿਲਿਆ, ਜਿਸ ਵਿੱਚ ਉਸ ਨੇ ਆਪਣੀ ਮੌਤ ਲਈ ਆਪਣੀ ਪਤਨੀ ਅਪੂਰਵਾ ਪਾਰਿਕ ਅਤੇ ਮਾਸੀ ਪ੍ਰਾਰਥਨਾ ਮਿਸ਼ਰਾ ਨੂੰ ਜ਼ਿੰਮੇਵਾਰ ਠਹਿਰਾਇਆ। ਅੰਗਰੇਜ਼ੀ ਵਿੱਚ ਲਿਖੇ ਮੈਸੇਜ ਵਿੱਚ ਉਸ ਨੇ ਕਿਹਾ, "ਹਾਏ ਬੇਬੀ, ਜਦੋਂ ਤੱਕ ਤੂੰ ਇਹ ਪੜ੍ਹੇਂਗੀ, ਮੈਂ ਚਲਾ ਗਿਆ ਹੋਵਾਂਗਾ। ਮੈਂ ਤੈਨੂੰ ਨਫ਼ਰਤ ਕਰ ਸਕਦਾ ਸੀ, ਪਰ ਮੈਂ ਨਹੀਂ ਕਰਦਾ। ਇਸ ਪਲ 'ਚ ਮੈਂ ਪਿਆਰ ਨੂੰ ਚੁਣਿਆ ਹੈ। ਮੈਂ ਤੈਨੂੰ ਉਦੋਂ ਵੀ ਪਿਆਰ ਕਰਦਾ ਸੀ ਅਤੇ ਹੁਣ ਵੀ ਤੈਨੂੰ ਪਿਆਰ ਕਰਦਾ ਹਾਂ। ਮੇਰਾ ਕੀਤਾ ਵਾਅਦਾ ਕਦੇ ਨਹੀਂ ਟੁੱਟੇਗਾ। ਮੇਰੀ ਮਾਂ ਜਾਣਦੀ ਹੈ ਕਿ ਤੂੰ ਅਤੇ ਪ੍ਰਾਰਥਨਾ ਮਾਸੀ ਮੇਰੇ ਦੁੱਖਾਂ ਲਈ ਜ਼ਿੰਮੇਵਾਰ ਹੋ। ਕਿਰਪਾ ਕਰਕੇ ਹੁਣ ਉਸ ਨੂੰ ਪਰੇਸ਼ਾਨ ਨਾ ਕਰੋ, ਉਹ ਪਹਿਲਾਂ ਹੀ ਟੁੱਟ ਚੁੱਕੀ ਹੈ।"
ਨੀਲਮ ਚਤੁਰਵੇਦੀ ਦੀ ਸ਼ਿਕਾਇਤ ਅਤੇ ਸੁਸਾਈਡ ਨੋਟ ਦੇ ਆਧਾਰ 'ਤੇ ਪੁਲਸ ਨੇ ਨਿਸ਼ਾਂਤ ਦੀ ਪਤਨੀ ਅਪੂਰਵਾ ਪਾਰਿਕ ਅਤੇ ਮਾਸੀ ਪ੍ਰਾਰਥਨਾ ਮਿਸ਼ਰਾ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 108 ਦੇ ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਹੁਣ ਇਹ ਪਤਾ ਲਗਾਉਣ 'ਚ ਜੁਟੀ ਹੋਈ ਹੈ ਕਿ ਕੀ ਨਿਸ਼ਾਂਤ ਡਿਪਰੈਸ਼ਨ ਵਿੱਚ ਸੀ ਜਾਂ ਉਸ ਨੂੰ ਕਿਸੇ ਹੋਰ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ। ਫਿਲਹਾਲ ਪੁਲਸ ਨੇ ਇਸ ਮਾਮਲੇ 'ਚ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ, ਪਰ ਪੁਲਸ ਨੇ ਸ਼ਿਕਾਇਤ 'ਚ ਨਾਮਜ਼ਦ ਦੋਵਾਂ ਔਰਤਾਂ ਨੂੰ ਨੋਟਿਸ ਜਾਰੀ ਕੀਤੇ ਹਨ ਅਤੇ ਉਨ੍ਹਾਂ ਤੋਂ ਪੁੱਛਗਿੱਛ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਐਨਾ ਤਸ਼ੱਦਦ ! ਤੌਬਾ-ਤੌਬਾ, ਔਰਤ ਦੇ ਪੈਰਾਂ 'ਚ ਠੋਕੀਆਂ ਕਿੱਲਾਂ, ਦਿੱਤੀ ਬੇਰਹਿਮ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e