ਸ਼ਖ਼ਸ ਨੇ ਚੱਲਦੀ ਕਾਰ ਦੀ ਛੱਤ ''ਤੇ ਬੈਠ ਕੇ ਪੀਤੀ ਸ਼ਰਾਬ ਤੇ ਲਾਈਆਂ ਦੰਡ ਬੈਠਕਾਂ, ਪੁਲਸ ਨੇ ਸਿਖਾਇਆ ਸਬਕ

05/31/2023 12:30:55 PM

ਗੁਰੂਗ੍ਰਾਮ- ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਲਈ ਲੋਕ ਅੱਜ-ਕੱਲ ਰੀਲਜ਼ ਬਣਾ ਰਹੇ ਹਨ। ਰੀਲਜ਼ ਬਣਾਉਣ ਦੇ ਚੱਕਰ 'ਚ ਉਹ ਕਈ ਵਾਰ ਨਿਯਮ ਅਤੇ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਵੇਖੇ ਜਾਂਦੇ ਹਨ। ਅਜਿਹਾ ਹੀ ਇਕ ਮਾਮਲਾ ਹਰਿਆਣਾ ਦੇ ਗੁਰੂਗ੍ਰਾਮ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ ਸ਼ਖ਼ਸ ਸਫੇਦ ਰੰਗ ਦੀ ਮਾਰੂਤੀ ਆਲਟੋ ਕਾਰ ਦੀ ਛੱਤ 'ਤੇ ਬੈਠ ਕੇ ਸ਼ਰਾਬ ਪੀਣ, ਦੰਡ ਬੈਠਕਾਂ ਕਰਦਾ ਨਜ਼ਰ ਆ ਰਿਹਾ ਹੈ। ਉੱਥੇ ਹੀ ਉਸ ਦੇ ਦੋਸਤ ਕਾਰ ਦੀ ਖਿੜਕੀ 'ਚੋਂ ਬਾਹਰ ਨਿਕਲੇ ਹੋਏ ਹਨ।

DLF ਫੇਜ਼-3 ਥਾਣੇ ਦੀ ਇਕ ਟੀਮ ਨੇ ਗੁਰੂਗ੍ਰਾਮ ਦੇ ਗੋਲਫ ਕੋਰਸ ਰੋਡ ਉੱਤੇ ਇਕ ਚੱਲਦੀ ਕਾਰ ਦੇ ਉੱਪਰ ਸ਼ਰਾਬ ਪੀਣ ਅਤੇ ਦੰਡ ਬੈਠਕਾਂ ਕਰਨ ਦੇ ਦੋਸ਼ ਵਿਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਟ੍ਰੈਫਿਕ ਪੁਲਸ ਨੇ ਵਾਹਨ ਦੇ ਰਜਿਸਟ੍ਰੇਸ਼ਨ ਨੰਬਰ ਦੇ ਆਧਾਰ ’ਤੇ ਕਾਰ ਮਾਲਕ ਦਾ 6500 ਰੁਪਏ ਦਾ ਚਲਾਨ ਕੱਟਿਆ ਹੈ। ਫੜੇ ਗਏ ਵਿਅਕਤੀਆਂ ਦੀ ਪਛਾਣ ਦਇਆ ਚੰਦ (34) ਵਾਸੀ ਸੋਹਨਾ ਅਤੇ ਸੂਰਜ ਡਾਗਰ (32) ਵਾਸੀ ਪਲਵਲ ਵਜੋਂ ਹੋਈ ਹੈ। ਇਨ੍ਹਾਂ ਦੇ ਦੋ ਦੋਸਤਾਂ ਦੀ ਪਛਾਣ ਨਰਬੀਰ ਅਤੇ ਕਾਲਾ ਵਜੋਂ ਹੋਈ ਹੈ, ਜਿਨ੍ਹਾਂ ਦੀ ਗ੍ਰਿਫ਼ਤਾਰੀ ਹੋਣੀ ਬਾਕੀ ਹੈ।

ਡੀ. ਸੀ. ਪੀ (ਪੂਰਬ) ਨਿਤੀਸ਼ ਅਗਰਵਾਲ ਨੇ ਕਿਹਾ ਕਿ ਅਸੀਂ ਦੋਹਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਟ੍ਰੈਫਿਕ ਪੁਲਸ ਵੱਲੋਂ ਮੋਟਰ ਵਹੀਕਲ ਐਕਟ ਤਹਿਤ ਉਲੰਘਣਾ ਕਰਨ ਵਾਲੇ ਨੂੰ 6,500 ਰੁਪਏ ਦਾ ਚਲਾਨ ਵੀ ਜਾਰੀ ਕੀਤਾ ਗਿਆ ਹੈ। ਸ਼ੱਕੀਆਂ ਨੇ ਘਟਨਾ ਵਿਚ ਆਪਣੀ ਸ਼ਮੂਲੀਅਤ ਕਬੂਲ ਕੀਤੀ ਹੈ। DLF ਫੇਜ਼-3 ਥਾਣੇ 'ਚ FIR ਦਰਜ ਕੀਤੀ ਗਈ ਹੈ। ਪੁਲਸ ਨੇ ਮਾਰੂਤੀ ਆਲਟੋ ਕਾਰ ਨੂੰ ਕਬਜ਼ੇ ਵਿਚ ਲੈ ਲਿਆ ਹੈ।


Tanu

Content Editor

Related News