ਕਿਸਾਨ ਅੰਦੋਲਨ ’ਚ ਵਿਅਕਤੀ ਨੂੰ ਜਿਊਂਦਾ ਸਾੜਿਆ, 90 ਫ਼ੀਸਦੀ ਝੁਲਸ ਕਾਰਨ ਹੋਈ ਮੌਤ

Thursday, Jun 17, 2021 - 05:51 PM (IST)

ਕਿਸਾਨ ਅੰਦੋਲਨ ’ਚ ਵਿਅਕਤੀ ਨੂੰ ਜਿਊਂਦਾ ਸਾੜਿਆ, 90 ਫ਼ੀਸਦੀ ਝੁਲਸ ਕਾਰਨ ਹੋਈ ਮੌਤ

ਬਹਾਦਰਗੜ੍ਹ (ਪ੍ਰਵੀਣ ਧਨਖੜ)— ਕਿਸਾਨ ਅੰਦੋਲਨ ਤੋਂ ਇਕ ਬਹੁਤ ਵੱਡੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਅੰਦੋਲਨ ਵਿਚ ਸ਼ਾਮਲ ਕੁਝ ਲੋਕਾਂ ਨੇ ਇਕ ਵਿਅਕਤੀ ਨੂੰ ਜਿਊਂਦਾ ਸਾੜ ਦਿੱਤਾ ਹੈ। ਮਿ੍ਰਤਕ ਦੀ ਪਛਾਅ ਪਿੰਡ ਕਸਾਰ ਵਾਸੀ ਮੁਕੇਸ਼ ਦੇ ਰੂਪ ਵਿਚ ਹੋਈ ਹੈ। ਜਾਣਕਾਰੀ ਮੁਤਾਬਕ ਕੱਲ੍ਹ ਦੇਰ ਰਾਤ ਮੁਕੇਸ਼ ਕਿਸਾਨ ਅੰਦੋਲਨ ’ਚ ਸ਼ਾਮਲ 4 ਲੋਕਾਂ ਨਾਲ ਅੰਦੋਲਨ ਵਾਲੀ ਥਾਂ ’ਤੇ ਹੀ ਸ਼ਰਾਬ ਪੀ ਰਿਹਾ ਸੀ। ਇਸ ਦੌਰਾਨ ਕਿਸੇ ਗੱਲ ਨੂੰ ਲੈ ਕੇ ਉਨ੍ਹਾਂ ਵਿਚ ਝਗੜਾ ਹੋ ਗਿਆ, ਜਿਸ ਤੋਂ ਬਾਅਦ ਦੋਸ਼ੀਆਂ ਨੇ ਮੁਕੇਸ਼ ’ਤੇ ਤੇਲ ਛਿੜਕ ਕੇ ਅੱਗ ਲਾ ਦਿੱਤੀ।  ਇਹ ਘਟਨਾ ਟਿਕਰੀ ਸਰਹੱਦ ਤੋਂ 10 ਕਿਲੋਮੀਟਰ ਦੂਰ ਕਸਾਰ ਪਿੰਡ ਨੇੜੇ ਵਾਪਰੀ।

ਹਾਦਸੇ ਤੋਂ ਬਾਅਦ ਮੁਕੇਸ਼ ਨੂੰ ਬਹਾਦਰਗੜ੍ਹ ਦੇ ਹਸਪਤਾਲ ਲਿਆਂਦਾ ਗਿਆ ਸੀ। 90 ਫ਼ੀਸਦੀ ਝੁਲਸੇ ਮੁਕੇਸ਼ ਨੇ ਕਰੀਬ 2:30 ਵਜੇ ਦਮ ਤੋੜ ਦਿੱਤਾ। ਪਿੰਡ ਵਾਸੀਆਂ ਨੇ ਕਿਸਾਨਾਂ ’ਤੇ ਉਨ੍ਹਾਂ ਨੂੰ ਪਰੇਸ਼ਾਨ ਕਰਨ ਦਾ ਦੋਸ਼ ਲਾਇਆ ਹੈ। ਓਧਰ ਪਰਿਵਾਰ ਵਾਲਿਆਂ ਅਤੇ ਪਿੰਡ ਵਾਸੀਆਂ ਨੇ ਮਿ੍ਰਤਕ ਦੀ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਪੀੜਤ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ ਅਤੇ ਸਰਕਾਰੀ ਨੌਕਰੀ ਦਿੱਤੀ ਜਾਵੇ। ਪਰਿਵਾਰ ਨੇ ਮੰਗ ਕੀਤੀ ਹੈ ਕਿ ਅੰਦੋਲਨਕਾਰੀ ਕਿਸਾਨਾਂ ਨੂੰ ਪਿੰਡ ਤੋਂ ਦੂਰ ਵਸਾਇਆ ਜਾਵੇ। ਓਧਰ ਡੀ. ਐੱਸ. ਪੀ. ਪਵਨ ਕੁਮਾਰ ਪਰਿਵਾਰ ਨੂੰ ਸਮਝਾਉਣ ’ਚ ਜੁਟੇ ਹਨ। ਫ਼ਿਲਹਾਲ ਪੁਲਸ ਨੇ ਇਸ ਸਬੰਧ ਵਿਚ ਮਾਮਲਾ ਦਰਜ ਕਰ ਲਿਆ ਹੈ। ਪੁਲਸ ਦਾ ਦਾਅਵਾ ਹੈ ਕਿ ਛੇਤੀ ਹੀ ਦੋਸ਼ੀਆਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਜਾਵੇਗਾ।

ਦੱਸ ਦੇਈਏ ਕਿ ਕਿਸਾਨ ਅੰਦੋਲਨ ਹੁਣ ਅਜਿਹਾ ਅੱਡਾ ਬਣ ਗਿਆ ਹੈ, ਜਿੱਥੇ ਕੁੜੀਆਂ ਨਾਲ ਜਬਰ-ਜ਼ਿਨਾਹ ਹੁੰਦੇ ਹਨ। ਆਏ ਦਿਨ ਖੁਦਕੁਸ਼ੀਆਂ ਹੁੰਦੀਆਂ ਹਨ ਅਤੇ ਹੁਣ ਤਾਂ ਨੌਬਤ ਇੱਥੋਂ ਤੱਕ ਆ ਗਈ ਹੈ ਕਿ ਲੋਕਾਂ ਨੂੰ ਜਿਊਂਦਾ ਸਾੜ ਦਿੱਤਾ ਜਾ ਰਿਹਾ ਹੈ। ਮੁਕੇਸ਼ ਨੂੰ ਅੱਗ ਲਾ ਕੇ ਸਾੜ ਦਿੱਤਾ ਜਾਣਾ ਇਸ ਦੀ ਜਿਊਂਦੀ ਜਾਗਦੀ ਉਦਾਹਰਣ ਹੈ। ਬੀਤੇ ਦਿਨੀਂ ਕਿਸਾਨ ਅੰਦਲੋਨ ਵਿਚ ਇਕ ਬੰਗਾਲੀ ਕੁੜੀ ਨਾਲ ਜਬਰ ਜ਼ਿਨਾਹ ਦੀ ਘਟਨਾ ਸਾਹਮਣੇ ਆਈ ਸੀ ਅਤੇ ਹੁਣ ਇਕ ਵਿਅਕਤੀ ਨੂੰ ਜਿਊਂਦਾ ਸਾੜ ਦੇਣ ਦੀ ਘਟਨਾ ਸਾਹਮਣੇ ਆਈ ਹੈ।


author

Tanu

Content Editor

Related News