ਲਗਜ਼ਰੀ ਘੜੀਆਂ ਦੀ ਤਸਕਰੀ ''ਚ ਦਿੱਲੀ ਹਵਾਈ ਅੱਡੇ ''ਤੇ ਇਕ ਸ਼ਖ਼ਸ ਗ੍ਰਿਫ਼ਤਾਰ

10/06/2022 6:18:17 PM

ਨਵੀਂ ਦਿੱਲੀ (ਭਾਸ਼ਾ)- ਦਿੱਲੀ ਹਵਾਈ ਅੱਡੇ ਤੋਂ ਕਸਟਮ ਅਧਿਕਾਰੀਆਂ ਨੇ ਇਕ ਵਿਅਕਤੀ ਨੂੰ 7 ਲਗਜ਼ਰੀ ਘੜੀਆਂ ਦੀ ਤਸਕਰੀ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਦੱਸਿਆ ਕਿ ਉਸ ਕੋਲੋਂ ਬਰਾਮਦ ਕੀਤੀ ਗਈ ਇਕ ਘੜੀ ਸੋਨੇ ਦੀ ਬਣੀ ਹੈ ਅਤੇ ਜਿਸ 'ਤੇ ਹੀਰੇ ਜੜੇ ਹਨ ਅਤੇ ਇਸ ਦੀ ਕੀਮਤ 27.09 ਕਰੋੜ ਰੁਪਏ ਹੈ। ਇੰਦਰਾ ਗਾਂਧੀ ਅੰਤਰਰਾਸ਼ਟਰੀ (ਆਈ.ਜੀ.ਆਈ.) ਹਵਾਈ ਅੱਡੇ ਦੇ ਕਸਟਮ ਕਮਿਸ਼ਨਰ ਜ਼ੁਬੈਰ ਰਿਆਜ਼ ਕਾਮੀਲੀ ਨੇ ਕਿਹਾ ਕਿ ਕੀਮਤ ਦੇ ਲਿਹਾਜ਼ ਨਾਲ ਵਪਾਰਕ ਜਾਂ ਲਗਜ਼ਰੀ ਸਮਾਨ ਦੀ ਇਹ ਸਭ ਤੋਂ ਵੱਡੀ ਜ਼ਬਤੀ ਹੈ। ਉਨ੍ਹਾਂ ਕਿਹਾ,"ਮੁੱਲ ਦੇ ਲਿਹਾਜ਼ ਨਾਲ ਇਹ ਇਕ ਵਾਰ 'ਚ 60 ਕਿਲੋ ਸੋਨਾ ਜ਼ਬਤ ਕਰਨ ਦੇ ਬਰਾਬਰ ਹੈ।'' ਇਕ ਅਧਿਕਾਰਤ ਬਿਆਨ 'ਚ ਕਿਹਾ ਗਿਆ ਹੈ ਕਿ ਮੰਗਲਵਾਰ ਨੂੰ ਦੁਬਈ ਤੋਂ ਇੱਥੇ ਪਹੁੰਚੇ ਦੋਸ਼ੀ ਯਾਤਰੀ ਨੂੰ ਕਸਟਮ ਅਧਿਕਾਰੀਆਂ ਨੇ ਰੋਕ ਲਿਆ। ਦੋਸ਼ੀ ਭਾਰਤੀ ਨਾਗਰਿਕ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਉਸ ਦੇ ਸਮਾਨ ਦੀ ਜਾਂਚ ਅਤੇ ਨਿੱਜੀ ਤਲਾਸ਼ੀ ਦੌਰਾਨ 7 ਗੁੱਟ ਘੜੀਆਂ ਬਰਾਮਦ ਕੀਤੀਆਂ ਗਈਆਂ ਹਨ। 

PunjabKesari

ਇਸ 'ਚ ਦੱਸਿਆ ਗਿਆ ਕਿ ਇਕੱਲੇ ਜੈਕਬ ਐਂਡ ਕੰਪਨੀ ਦੀ ਇਕ ਘੜੀ ਦੀ ਕੀਮਤ 27.09 ਕਰੋੜ ਰੁਪਏ ਹੈ। ਦਿੱਲੀ ਕਸਟਮਜ਼ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਇਨ੍ਹਾਂ ਘੜੀਆਂ ਤੋਂ ਇਲਾਵਾ, ਯਾਤਰੀ ਕੋਲੋਂ ਇਕ ਹੀਰੇ ਜੜੇ ਸੋਨੇ ਦਾ ਬਰੇਸਲੇਟ ਅਤੇ ਇਕ ਆਈਫੋਨ 14 ਪ੍ਰੋ 256 ਜੀਬੀ ਵੀ ਬਰਾਮਦ ਕੀਤਾ ਗਿਆ ਹੈ। ਜਿਸ ਦੀ ਕੁੱਲ ਕੀਮਤ 28.17 ਕਰੋੜ ਰੁਪਏ ਹੈ। ਘੜੀ ਨੂੰ ਜ਼ਬਤ ਕਰ ਲਿਆ ਗਿਆ ਹੈ ਅਤੇ ਯਾਤਰੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਕ ਸੀਨੀਅਰ ਕਸਟਮ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਯਾਤਰੀ ਅਤੇ ਉਸ ਦੇ ਚਾਚੇ ਦਾ ਦੁਬਈ ਵਿਚ ਮਹਿੰਗੀਆਂ ਘੜੀਆਂ ਦਾ ਇਕ ਸ਼ੋਅਰੂਮ ਹੈ, ਜਿਸ ਦੀਆਂ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਵਿਚ ਹੋਰ ਥਾਵਾਂ 'ਤੇ ਸ਼ਾਖਾਵਾਂ ਹਨ। ਅਧਿਕਾਰੀ ਨੇ ਕਿਹਾ,''ਉਹ ਉਨ੍ਹਾਂ ਨੂੰ ਦਿੱਲੀ 'ਚ ਇਕ ਪੰਜ ਸਿਤਾਰਾ ਹੋਟਲ 'ਚ ਮਿਲਣਾ ਸੀ, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਉਹ ਗੁਜਰਾਤ ਦਾ ਰਹਿਣ ਵਾਲਾ ਹੈ। ਗਾਹਕ ਹਾਲਾਂਕਿ ਉਸ ਨੂੰ ਮਿਲਣ ਨਹੀਂ ਪਹੁੰਚਿਆ। ਅਜੇ ਤੱਕ ਦੋਸ਼ੀ ਨੇ ਗਾਹਕ ਦੇ ਨਾਮ ਦਾ ਖੁਲਾਸਾ ਨਹੀਂ ਕਰਦੇ ਹੋਏ ਕਿਹਾ ਕਿ ਉਸ ਨੂੰ ਆਪਣੀ ਜਾਨ ਦਾ ਡਰ ਹੈ।''  ਦਿੱਲੀ ਕਸਟਮ ਜ਼ੋਨ ਦੇ ਮੁੱਖ ਕਮਿਸ਼ਨਰ ਸੁਰਜੀਤ ਭੁਜਬਲ ਨੇ ਕਿਹਾ,"ਦਿੱਲੀ ਹਵਾਈ ਅੱਡੇ 'ਤੇ ਸਰਗਰਮ ਕਸਟਮ ਅਧਿਕਾਰੀਆਂ ਨੇ ਭਾਰੀ ਆਵਾਜਾਈ ਦੇ ਦਬਾਅ ਦੇ ਬਾਵਜੂਦ ਇਹ (ਜ਼ਬਤੀ) ਸੰਭਵ ਬਣਾਇਆ।"

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News