ਅਡਵਾਨੀ ਨੂੰ ਟਿਕਟ ਨਾ ਦੇ ਭਾਜਪਾ ਨੇ ਕੀਤਾ ਅਪਮਾਨ: ਮਮਤਾ ਬੈਨਰਜੀ
Wednesday, Mar 27, 2019 - 11:48 AM (IST)

ਕੋਲਕਾਤਾ-ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੀਨੀਅਰ ਨੇਤਾ ਲਾਲ ਕ੍ਰਿਸ਼ਣ ਅਡਵਾਨੀ ਨੂੰ ਭਾਜਪਾ ਦੇ ਸਤੰਭਾਂ 'ਚੋਂ ਇੱਕ ਦੱਸਦੇ ਹੋਏ ਕਿਹਾ ਹੈ ਕਿ ਉਮੀਦਵਾਰਾਂ ਦੀ ਲਿਸਟ 'ਚ ਉਨ੍ਹਾਂ ਨੂੰ ਸਥਾਨ ਨਾ ਦੇਣਾ ਦਿੱਗਜ਼ ਨੇਤਾ ਦਾ ਅਪਮਾਨ ਹੈ। ਤ੍ਰਿਣਾਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਰਾਜਨੀਤਿਕ ਦਲਾਂ ਨੂੰ ਆਪਣੇ ਸੀਨੀਅਰ ਨੇਤਾਵਾਂ ਦੀ ਅਣਦੇਖੀ ਨਹੀਂ ਕਰਨੀ ਚਾਹੀਦੀ ਹੈ।
ਮਮਤਾ ਬੈਨਰਜੀ ਨੇ ਮੰਗਲਵਾਰ ਨੂੰ ਸੂਬਾ ਸਕੱਤਰੇਤ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ, '' ਅਟਲ ਬਿਹਾਰੀ ਵਾਜਪਾਈ ਅਤੇ ਅਡਵਾਨੀ ਜੀ ਭਾਜਪਾ ਦੇ ਸਤੰਭ ਸਨ।'' ਭਾਜਪਾ ਨੇ ਗੁਜਰਾਤ 'ਚ ਗਾਂਧੀਨਗਰ ਲੋਕ ਸਭਾ ਸੀਟ ਤੋਂ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੂੰ ਮੈਦਾਨ 'ਚ ਉਤਾਰਿਆ ਹੈ ਅਤੇ ਅਡਵਾਨੀ ਨੂੰ ਟਿਕਟ ਨਹੀਂ ਦਿੱਤਾ। 91 ਸਾਲਾਂ ਅਡਵਾਨੀ ਇਸ ਸੀਟ ਤੋਂ 6 ਵਾਰ ਲੋਕ ਸਭਾ ਚੋਣਾਂ ਜਿੱਤ ਚੁੱਕੇ ਹਨ।
ਇਸ ਤੋਂ ਇਲਾਵਾ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਚੀਜ਼ ਜਿੰਨੀ ਪੁਰਾਣੀ ਹੁੰਦੀ ਹੈ ਉਨੀ ਚੰਗੀ ਹੁੰਦੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਗੱਲ ਦਾ ਮੈਨੂੰ ਬੇਹੱਦ ਦੁੱਖ ਹੈ ਕਿ ਭਾਜਪਾ ਨੇ ਸਾਬਕਾ ਕੇਂਦਰੀ ਮੰਤਰੀ ਅਨੰਤ ਕੁਮਾਰ ਦੀ ਪਤਨੀ ਨੂੰ ਬੇਂਗਲੁਰੂ ਸਾਊਥ ਲੋਕ ਸਭਾ ਸੀਟ ਤੋਂ ਟਿਕਟ ਨਹੀਂ ਦਿੱਤੀ।