ਮਮਤਾ ਨੇ ਸ਼ੁਰੂ ਕੀਤੀ ਤ੍ਰਿਣਮੂਲ ਦੀ ਨਵੀਂ ਮੁਹਿੰਮ ‘ਦਿਦੀਰ ਸੁਰੱਕਸ਼ਾ ਕਵਚ’

Tuesday, Jan 03, 2023 - 01:47 PM (IST)

ਕੋਲਕਾਤਾ,  (ਭਾਸ਼ਾ)- ਪੱਛਮੀ ਬੰਗਾਲ ’ਚ ਇਸ ਸਾਲ ਦੇ ਅੰਤ ’ਚ ਹੋਣ ਵਾਲੀਆਂ ਪੰਚਾਇਤੀ ਚੋਣਾਂ ਨੂੰ ਧਿਆਨ ’ਚ ਰੱਖਦਿਆਂ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਨੇ ਲੋਕਾਂ ਤੱਕ ਪਹੁੰਚਣ ਲਈ ਸੋਮਵਾਰ ਨੂੰ ਨਵੀਂ ਮੁਹਿੰਮ ‘ਦਿਦੀਰ ਸੁਰੱਕਸ਼ਾ ਕਵਚ’ ਸ਼ੁਰੂ ਕੀਤੀ। ਤ੍ਰਿਣਮੂਲ ਦੇ ਕੌਮੀ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਅਤੇ ਸੂਬਾ ਪ੍ਰਧਾਨ ਸੁਬਰਤ ਬਖਸ਼ੀ ਦੀ ਮੌਜੂਦਗੀ ’ਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਪਾਰਟੀ ਮੁਖੀ ਮਮਤਾ ਬੈਨਰਜੀ ਨੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ।

ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਭਿਸ਼ੇਕ ਨੇ ਕਿਹਾ ਕਿ ਸਾਡੀ ਪਾਰਟੀ ਦੇ ਵਰਕਰ ਸੂਬੇ ਦੇ ਲੋਕਾਂ ਵਿਚਾਲੇ ਜਾਣਗੇ ਅਤੇ ਇਹ ਯਕੀਨੀ ਬਣਾਉਣਗੇ ਕਿ ਹਰ ਕਿਸੇ ਨੂੰ ਸੂਬਾ ਸਰਕਾਰ ਦੀਆਂ ਭਲਾਈ ਸਕੀਮਾਂ ਦਾ ਲਾਭ ਮਿਲੇ।

ਮਮਤਾ ਬੈਨਰਜੀ ਨੇ ਕਿਹਾ ਕਿ ਲਗਭਗ ਸਾਢੇ ਤਿੰਨ ਲੱਖ ਪਾਰਟੀ ਵਰਕਰ ਸੂਬੇ ਦੇ 10 ਕਰੋੜ ਲੋਕਾਂ ਵਿਚਾਲੇ ਪਹੁੰਚਣਗੇ। ਸੂਬਾ ਸਰਕਾਰ ਦੀ ‘ਦੁਆਰੇ ਸਰਕਾਰ’ ਮੁਹਿੰਮ ਵੀ ਜਾਰੀ ਰਹੇਗੀ। ਇਸ ਦਰਮਿਆਨ ਮਮਤਾ ਨੇ ਭਾਜਪਾ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਦਾਅਵਾ ਕੀਤਾ ਕਿ ਭਗਵਾ ਪਾਰਟੀ ਦੀ ਵਿਚਾਰਧਾਰਾ ਲੋਕਾਂ ਨੂੰ ਧਰਮ ਦੇ ਆਧਾਰ ’ਤੇ ਵੰਡਦੀ ਹੈ। ਸੂਬੇ ’ਚ ਵਿਰੋਧੀ ਧਿਰ ਭਾਜਪਾ ਅਤੇ ਖੱਬੇ ਪੱਖੀ ਪਾਰਟੀਆਂ ਵਿਚਾਲੇ ਕਥਿਤ ਗੁਪਤ ਗਠਜੋੜ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ‘ਰਾਮ ਅਤੇ ਬਾਮ’ (ਭਾਜਪਾ ਅਤੇ ਖੱਬੇਪੱਖੀ) ਇਕਜੁੱਟ ਹੋ ਗਏ ਹਨ। ਉਨ੍ਹਾਂ ਕਿਹਾ ਕਿ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਉਣ ਲਈ ਪਾਰਟੀ ਪੱਧਰ ’ਤੇ ਢੁੱਕਵੀਂ ਚੌਕਸੀ ਪ੍ਰਣਾਲੀ ਕਾਇਮ ਕੀਤੀ ਜਾਵੇਗੀ।


Rakesh

Content Editor

Related News