ਈ. ਪੀ. ਐੱਫ. ’ਤੇ ਵਿਆਜ ਦਰਾਂ ’ਚ ਕਟੌਤੀ ਦੇ ਫੈਸਲੇ ਦੀ ਮਮਤਾ ਨੇ ਕੀਤੀ ਆਲੋਚਨਾ

03/14/2022 11:49:47 AM

ਕੋਲਕਾਤਾ– ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਈ. ਪੀ. ਐੱਫ. ’ਤੇ ਵਿਆਜ ਦਰਾਂ ’ਚ ਕਟੌਤੀ ਕਰਨ ਲਈ ਐਤਵਾਰ ਕੇਂਦਰ ਸਰਕਾਰ ਨੂੰ ਲੰਬੇ ਹੱਥੀ ਲਿਆ ਅਤੇ ਵਿਅੰਗ ਕਰਦਿਆਂ ਕਿਹਾ ਕਿ ਇਹ ਉੱਤਰ ਪ੍ਰਦੇਸ਼ ’ਚ ਭਾਜਪਾ ਦੀ ਜਿੱਤ ਪਿਛੋਂ ਮੋਦੀ ਸਰਕਾਰ ਦਾ ‘ਤੋਹਫਾ’ ਹੈ।

ਮਮਤਾ ਨੇ ਕਿਸਾਨਾਂ, ਮਜ਼ਦੂਰਾਂ ਅਤੇ ਦਰਮਿਆਨੇ ਵਰਗ ਦੀ ਕੀਮਤ ’ਤੇ ਉਠਾਏ ਗਏ ਇਸ ਲੋਕ ਵਿਰੋਧੀ ਕਦਮ ਨੂੰ ਨਾਕਾਮ ਕਰਨ ਲਈ ਇਕਮੁੱਠ ਹੋ ਕੇ ਵਿਰੋਧ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਟਵੀਟ ਕਰ ਕੇ ਕਿਹਾ ਕਿ ਉੱਤਰ ਪ੍ਰਦੇਸ਼ ਦੀ ਜਿੱਤ ਪਿਛੋਂ ਭਾਜਪਾ ਸਰਕਾਰ ਤੁਰੰਤ ਆਪਣਾ ‘ਤੋਹਫਾ’ ਲੈ ਕੇ ਆਈ ਹੈ। ਇਸ ਨੇ ਇਕ ਹੀ ਵਾਰ ’ਚ ਮੁਲਾਜ਼ਮ ਪ੍ਰਾਵੀਡੈਂਟ ਫੰਡ ’ਤੇ ਵਿਆਜ ਦੀ ਦਰ ਚਾਰ ਦਹਾਕਿਆਂ ਦੇ ਸਭ ਤੋਂ ਹੇਠਲੇ ਪੱਧਰ ’ਤੇ ਲਿਆਉਣ ਦਾ ਪ੍ਰਸਤਾਵ ਕਰ ਕੇ ਖੁਦ ਨੂੰ ਬੇਨਕਾਬ ਕੀਤਾ ਹੈ।

ਵਿੱਤੀ ਸਾਲ 2021-22 ਲਈ ਈ. ਪੀ. ਐੱਫ. ’ਤੇ ਵਿਆਜ ਦੀ ਦਰ ਨੂੰ ਪਿਛਲੇ ਵਿੱਤੀ ਸਾਲ ਦੇ 8.5 ਫੀਸਦੀ ਤੋਂ ਘੱਟਾ ਕੇ 8.1 ਫੀਸਦੀ ਕਰਨ ਦੀ ਪ੍ਰਸਤਾਵ ਦਿੱਤਾ ਗਿਆ ਹੈ। ਮਮਤਾ ਨੇ ਕਿਹਾ ਕਿ ਇਹ ਦੇਸ਼ ਦੇ ਦਰਮਿਆਨੇ ਅਤੇ ਹੇਠਲੇ ਵਰਗ ਦੇ ਮੁਲਾਜ਼ਮਾਂ ਦੇ ਮਹਾਮਾਰੀ ਪ੍ਰਭਾਵਤ ਵਿੱਤੀ ਤਨਾਅ ਦਰਮਿਆਨ ਹੋਇਆ ਹੈ। ਲੋਕ ਵਿਰੋਧੀ, ਮਜ਼ਦੂਰ ਵਿਰੋਧੀ ਕਦਮ ਮੌਜੂਦਾ ਕੇਂਦਰੀ ਅਦਾਰੇ ਦੀ ਇਕਪਾਸੜ ਜਨਤਕ ਨੀਤੀ ਨੂੰ ਉਜਾਗਰ ਕਰਦਾ ਹੈ। ਇੰਝ ਕਰ ਕੇ ਕਿਸਾਨਾਂ, ਕਿਰਤੀਆਂ ਅਤੇ ਦਰਮਿਆਨੇ ਵਰਗ ਦੀ ਕੀਮਤ ’ਤੇ ਵੱਡੇ ਪੂੰਜੀਪਤੀਆਂ ਦੇ ਹਿੱਤਾਂ ਦੀ ਰਾਖੀ ਕੀਤੀ ਗਈ ਹੈ।


Rakesh

Content Editor

Related News