ਬਕਾਇਆ ਕੇਂਦਰੀ ਫੰਡ ਨੂੰ ਲੈ ਕੇ ਮਮਤਾ ਨੇ ਮੋਦੀ ਨਾਲ ਕੀਤੀ ਮੁਲਾਕਾਤ
Wednesday, Dec 20, 2023 - 08:03 PM (IST)
ਨਵੀਂ ਦਿੱਲੀ, (ਭਾਸ਼ਾ)– ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੂਬੇ ਦੇ ਬਕਾਇਆ ਪਏ ਕੇਂਦਰੀ ਫੰਡ ’ਤੇ ਚਰਚਾ ਕਰਨ ਲਈ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਮੁੱਖ ਮੰਤੀਰ ਮੁਤਾਬਕ ਪ੍ਰਧਾਨ ਮੰਤਰੀ ਨੇ ਪ੍ਰਸਤਾਵ ਦਿੱਤਾ ਕਿ ਸੂਬੇ ਅਤੇ ਕੇਂਦਰ ਦੇ ਅਧਿਕਾਰੀ ਇਕੱਠੇ ਬੈਠ ਕੇ ਮੁੱਦਿਆਂ ਨੂੰ ਹੱਲ ਕਰ ਸਕਦੇ ਹਨ। ਬੈਨਰਜੀ ਨੇ ਪਾਰਟੀ ਦੇ 9 ਸੰਸਦ ਮੈਂਬਰਾਂ ਨਾਲ ਸੰਸਦ ਕੰਪਲੈਕਸ ਵਿਚ ਪ੍ਰਧਾਨ ਮੰਤਰੀ ਨਾਲ ਬੈਠਕ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਕੇਂਦਰ ਦੀਆਂ 155 ਟੀਮਾਂ ਪਹਿਲਾਂ ਹੀ ਪੱਛਮੀ ਬੰਗਾਲ ਦਾ ਦੌਰਾ ਕਰ ਚੁੱਕੀਆਂ ਹਨ।
ਉਨ੍ਹਾਂ ਨੇ ਸੂਬੇ ਲਈ ਬਕਾਇਆ ‘ਮਨਰੇਗਾ’ ਫੰਡ ਬਾਰੇ ਕਿਹਾ ਕਿ ਸੰਵਿਧਾਨ ਦੇ ਤਹਿਤ ਮਜ਼ਦੂਰਾਂ ਨੂੰ ਭੁਗਤਾਨ ਕਰਨਾ ਲਾਜ਼ਮੀ ਹੈ। ਬੈਨਰਜੀ ਨੇ ਕਿਹਾ ਕਿ ਸਾਨੂੰ ਸਾਲ 2022-23 ਦੇ ਬਜਟ ਵਿਚ ‘ਮਨਰੇਗਾ’ ਦੇ ਤਹਿਤ 100 ਦਿਨਾਂ ਵਿਚ ਕੰਮ ਲਈ ਇਕ ਪੈਸਾ ਵੀ ਨਹੀਂ ਮਿਲਿਆ। ਪ੍ਰਧਾਨ ਮੰਤਰੀ ਰਿਹਾਇਸ਼ ਯੋਜਨਾ ਲਈ ਮਿਲ ਣਵਾਲੀ ਧਨ ਰਾਸ਼ੀ ਰੋਕ ਦਿੱਤੀ ਗਈ ਹੈ, ਗ੍ਰਾਮੀਣ ਵਿਕਾਸ ਯੋਜਨਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ ਅਤੇ ਸਿਹਤ ਮੁਹਿੰਮ ਪ੍ਰੋਗਰਾਮ ਵੀ ਬੰਦ ਕਰ ਦਿੱਤਾ ਗਿਆ ਹੈ। ਸਾਨੂੰ ਵਿੱਤ ਕਮਿਸ਼ਨ ਦੇ ਤਹਿਤ ਵੀ ਰਾਸ਼ੀ ਨਹੀਂ ਮਿਲ ਰਹੀ ਹੈ।