ਮਾਲਦੀਵ ਦੇ ਰਾਸ਼ਟਰਪਤੀ ਇਬਰਾਹਿਮ ਸੋਲਿਹ ਅੱਜ ਤੋਂ ਭਾਰਤ ਦੌਰੇ ''ਤੇ

Monday, Aug 01, 2022 - 05:19 PM (IST)

ਮਾਲਦੀਵ ਦੇ ਰਾਸ਼ਟਰਪਤੀ ਇਬਰਾਹਿਮ ਸੋਲਿਹ ਅੱਜ ਤੋਂ ਭਾਰਤ ਦੌਰੇ ''ਤੇ

ਨਵੀਂ ਦਿੱਲੀ (ਏਜੰਸੀ)- ਮਾਲਦੀਵ ਦੇ ਰਾਸ਼ਟਰਪਤੀ ਇਬਰਾਹਿਮ ਮੁਹੰਮਦ ਸੋਲਿਹ ਸੋਮਵਾਰ ਤੋਂ ਵੀਰਵਾਰ ਤੱਕ ਭਾਰਤ ਦੇ ਦੌਰੇ 'ਤੇ ਰਹਿਣਗੇ। ਅਧਿਕਾਰਤ ਜਾਣਕਾਰੀ ਅਨੁਸਾਰ ਸੋਲਿਹ ਅੱਜ ਸ਼ਾਮ 14.50 ਵਜੇ ਪਾਲਮ ਏਅਰਫੋਰਸ ਹਵਾਈ ਅੱਡੇ 'ਤੇ ਪਹੁੰਚਣਗੇ, ਜਿੱਥੋਂ ਉਹ ਹੋਟਲ ਆਈਟੀਸੀ ਮੌਰਿਆ ਲਈ ਰਵਾਨਾ ਹੋਣਗੇ। ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਇੱਥੇ ਸ਼ਾਮ 7 ਵਜੇ ਉਨ੍ਹਾਂ ਨਾਲ ਮੁਲਾਕਾਤ ਕਰਨਗੇ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਦੱਸਿਆ ਕਿ ਸੋਲਿਹ ਦੇ ਨਾਲ ਇਕ ਉੱਚ ਪੱਧਰੀ ਵਪਾਰਕ ਵਫਦ ਵੀ ਹੋਵੇਗਾ।

ਆਪਣੇ ਦੌਰੇ ਦੌਰਾਨ ਉਹ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ। ਉਨ੍ਹਾਂ ਦੱਸਿਆ ਕਿ ਐੱਮ.ਓ.ਯੂ. ਅਤੇ ਸਾਂਝੇ ਪ੍ਰੈਸ ਬਿਆਨਾਂ ਦੇ ਅਦਾਨ-ਪ੍ਰਦਾਨ ਤੋਂ ਬਾਅਦ ਮੰਗਲਵਾਰ ਨੂੰ ਸਵੇਰੇ 11.30 ਵਜੇ ਹੈਦਰਾਬਾਦ ਹਾਊਸ ਵਿੱਚ ਸੋਲਿਹ ਅਤੇ ਮੋਦੀ ਦਰਮਿਆਨ ਮੀਟਿੰਗ ਹੋਵੇਗੀ। ਉਸੇ ਦਿਨ ਸ਼ਾਮ 4.30 ਵਜੇ ਉਹ ਰਾਸ਼ਟਰਪਤੀ ਨੂੰ ਮਿਲਣਗੇ। ਉਹ ਬੁੱਧਵਾਰ ਸਵੇਰੇ ਮੁੰਬਈ ਲਈ ਰਵਾਨਾ ਹੋਣਗੇ ਅਤੇ ਉੱਥੇ ਕਾਰੋਬਾਰੀ ਸਮਾਗਮਾਂ 'ਚ ਹਿੱਸਾ ਲੈਣਗੇ।

ਉਨ੍ਹਾਂ ਕਿਹਾ, ‘‘ਇਹ ਕਹਿਣ ਦੀ ਲੋੜ ਨਹੀਂ ਕਿ ਮਾਲਦੀਵ ਹਿੰਦ ਮਹਾਸਾਗਰ ਖੇਤਰ ਵਿੱਚ ਭਾਰਤ ਦਾ ਪ੍ਰਮੁੱਖ ਗੁਆਂਢੀ ਹੈ ਅਤੇ ਹਾਲ ਹੀ ਦੇ ਸਾਲਾਂ ਵਿੱਚ ਸਹਿਯੋਗ ਦੇ ਸਾਰੇ ਖੇਤਰਾਂ ਵਿੱਚ ਦੋਵਾਂ ਮੁਲਕਾਂ ਦੀ ਭਾਈਵਾਲੀ ਤੇਜ਼ੀ ਨਾਲ ਵਧੀ ਹੈ।’’ ਕੇਂਦਰੀ ਮੰਤਰੀ ਮੰਡਲ ਨੇ ਹਾਲ ਹੀ ਵਿੱਚ ਦੋਵਾਂ ਦੇਸ਼ਾਂ ਵਿਚਕਾਰ ਨਿਆਂਇਕ ਸਹਿਯੋਗ ਲਈ ਅਦਾਲਤ ਦੇ ਡਿਜ਼ੀਟਲੀਕਰਨ ਵਿਚ ਤੇਜ਼ੀ ਲਿਆਉਣ ਅਤੇ ਦੋਵਾਂ ਦੇਸ਼ਾਂ ਵਿਚ ਸਟਾਰਟਅੱਪ ਲਈ ਸੰਭਾਵਨਾਵਾਂ ਨੂੰ ਹੁਲਾਰਾ ਦੇਣ ਲਈ ਇਕ ਸਮਝੌਤਾ ਪੱਤਰ (ਐਮ.ਓ.ਯੂ.) ਨੂੰ ਪ੍ਰਵਾਨਗੀ ਦਿੱਤੀ ਹੈ।


author

cherry

Content Editor

Related News