ਕਾਂਗਰਸ ਨੂੰ ਸੱਤਾ ਲਈ 100 ਸਾਲਾਂ ਤੱਕ ਤਰਸਾਓ : ਮੋਦੀ

Friday, Nov 10, 2023 - 11:41 AM (IST)

ਛਤਰਪੁਰ, (ਯੂ. ਐੱਨ. ਓ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਕਾਂਗਰਸ ਦੇਸ਼ ਦੀ ਗੱਡੀ ਨੂੰ ‘ਰਿਵਰਸ ਗਿਅਰ’ ’ਚ ਲਿਜਾਣ ’ਚ ਮਾਹਰ ਹੈ ਅਤੇ ਜਿਸ ਤਰ੍ਹਾਂ ਕਾਂਗਰਸ ਨੇ ਮੱਧ ਪ੍ਰਦੇਸ਼ ਦੇ ਬੁੰਦੇਲਖੰਡ ਅੰਚਲ ਨੂੰ ਪਾਣੀ ਦੀ ਬੂੰਦ-ਬੂੰਦ ਲਈ ਤਰਸਾਇਆ ਹੈ, ਉਸੇ ਤਰ੍ਹਾਂ ਜਨਤਾ ਇਸ ਪਾਰਟੀ ਨੂੰ ਸੱਤਾ ਲਈ 100 ਸਾਲ ਤੱਕ ਤਰਸਾਏ।

ਮੋਦੀ ਰਾਜ ਦੇ ਬੁੰਦੇਲਖੰਡ ਅੰਚਲ ਦੇ ਛਤਰਪੁਰ ’ਚ ਪਾਰਟੀ ਉਮੀਦਵਾਰਾਂ ਦੇ ਸਮਰਥਨ ’ਚ ਆਯੋਜਿਤ ਇਕ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਪਾਰਟੀ ਦੀ ਸੂਬਾ ਇਕਾਈ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਵਿਸ਼ਣੂਦੱਤ ਸ਼ਰਮਾ ਵੀ ਮੌਜੂਦ ਸਨ।

ਪ੍ਰਧਾਨ ਮੰਤਰੀ ਨੇ ਵਿਸ਼ਵ ਪ੍ਰਸਿੱਧ ਖਜੂਰਾਹੋ ਮੰਦਰ ਦੇ ਇਸ ਖੇਤਰ ’ਚ ਕਿਹਾ ਕਿ ਭਾਜਪਾ ਵਾਲੇ ਭਾਰਤ ਦੀ ਮਿੱਟੀ ਦਾ ਚੰਦਨ ਮੱਥੇ ’ਤੇ ਲਾ ਕੇ ਮਾਣ ਨਾਲ ਭਰ ਜਾਂਦੇ ਹਨ ਪਰ ਕਾਂਗਰਸ ਨੇ ਨਾ ਤਾਂ ਇਸ ਮਿੱਟੀ ਦੀ ਤਾਕਤ ਸਮਝੀ ਤੇ ਨਾ ਹੀ ਦੇਸ਼ ਦੀ ਆਨ-ਬਾਨ-ਸ਼ਾਨ ਵਧਾਉਣ ਦਾ ਕੰਮ ਕੀਤਾ।

ਉਨ੍ਹਾਂ ਕਿਹਾ ਕਿ ਗੁਲਾਮੀ ਦੀ ਮਾਨਸਿਕਤਾ ਨਾਲ ਭਰੀ ਹੋਈ ਕਾਂਗਰਸ ਨੂੰ ਦੇਸ਼ ਦੀ ਵਿਰਾਸਤ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਲਈ ਪੂਰਾ ਦੇਸ਼ ਦਿੱਲੀ ਤੋਂ ਸ਼ੁਰੂ ਹੋ ਕੇ ਉਥੇ ਹੀ ਖਤਮ ਹੋ ਜਾਂਦਾ ਸੀ। ਉਸ ਸਮੇਂ ਕੋਈ ਵੀ ਵੱਡਾ ਪ੍ਰੋਗਰਾਮ ਅਤੇ ਵਿਦੇਸ਼ੀ ਨੇਤਾਵਾਂ ਦੇ ਦੌਰੇ ਸਭ ਦਿੱਲੀ ’ਚ ਹੀ ਹੁੰਦੇ ਸਨ। ਜੇ ਕੋਈ ਵਿਦੇਸ਼ੀ ਮਹਿਮਾਨ ਆਉਂਦਾ ਸੀ ਤਾਂ ਕਾਂਗਰਸ ਦੇ ਨੇਤਾ ਉਸ ਨੂੰ ਭਾਰਤ ਦੀ ਗਰੀਬੀ ਵਿਖਾਉਣ ਲੈ ਕੇ ਜਾਂਦੇ ਸਨ।

ਮੋਦੀ ਨੇ ਕਿਹਾ ਕਿ ‘ਸੋਨੇ ਦਾ ਚਮਚਾ’ ਲੈ ਕੇ ਪੈਦਾ ਹੋਏ ਕਾਂਗਰਸੀ ਨੇਤਾਵਾਂ ਲਈ ਗਰੀਬੀ ਸੈਰ-ਸਪਾਟਾ ਸੀ। ਜਿਨ੍ਹਾਂ ਝੁੱਗੀਆਂ ’ਚ ਕਾਂਗਰਸੀ ਨੇਤਾ ਫੋਟੋਆਂ ਖਿਚਵਾ ਕੇ ਵਾਪਸ ਆਉਂਦੇ ਸਨ, ਅੱਜ ਭਾਜਪਾ ਸਰਕਾਰ ਉਨ੍ਹਾਂ ਝੁੱਗੀਆਂ ’ਚ ਰਹਿਣ ਵਾਲਿਆਂ ਨੂੰ ਘਰ ਬਣਾ ਕੇ ਦੇ ਰਹੀ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਕ ਵਾਰ ਫਿਰ ਭ੍ਰਿਸ਼ਟਾਚਾਰ ਦੇ ਮੁੱਦੇ ’ਤੇ ਕਾਂਗਰਸ ’ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਕਾਂਗਰਸ ਦੇ ਭ੍ਰਿਸ਼ਟਾਚਾਰ ਦੇ ਦੌਰ ’ਚ ਵਿਚੋਲਿਆਂ ਦੀ ਮੌਜ ਸੀ ਪਰ ਪਾਰਟੀ ਦੀ ਬਦਕਿਸਮਤੀ ਰਹੀ ਕਿ 2014 ’ਚ ਦਿੱਲੀ ’ਚ ਇਕ ‘ਚੌਕੀਦਾਰ’ ਨੂੰ ਬਿਠਾ ਦਿੱਤਾ, ਜਿਸ ਨੇ ਕਾਂਗਰਸ ਦੀਆਂ ਇਨ੍ਹਾਂ ਸਾਰੀਆਂ ਸਰਗਰਮੀਆਂ ’ਤੇ ਜਿੰਦਰਾ ਲਾ ਦਿੱਤਾ। ਕਾਂਗਰਸ ਦੇ ਭ੍ਰਿਸ਼ਟਾਚਾਰ ਦੇ ਦੌਰ ’ਚ ਵਿਚੋਲਿਆਂ ਨੂੰ ਜੋ ਮੌਜ ਸੀ, ਉਸ ’ਤੇ ਮੋਦੀ ਨੇ ਜਿੰਦਰਾ ਲਾ ਦਿੱਤਾ।

ਇਸੇ ਲੜੀ ਤਹਿਤ ਉਨ੍ਹਾਂ ਕਿਹਾ ਕਿ ਕਾਂਗਰਸ ਕਿਸ ਤਰ੍ਹਾਂ ਗਰੀਬਾਂ ਦਾ ਹੱਕ ਖੋਂਹਦੀ ਹੈ, ਜਿਸ ਦਾ ਸਬੂਤ ਹੈ ਜਾਅਲੀ ਲਾਭਪਾਤਰੀ ਘਪਲਾ। ਜਿੰਨੀ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਦੀ ਆਬਾਦੀ ਮਿਲਾ ਕੇ ਹੈ, ਕਾਂਗਰਸ ਨੇ ਦੇਸ਼ ’ਚ ਓਨੇ ਹੀ ਫਰਜ਼ੀ ਲਾਭਪਾਤਰੀ ਬਣਾ ਦਿੱਤੇ ਸਨ। ਲਗਭਗ 10 ਕਰੋੜ ਨਾਮ ਅਜਿਹੇ ਸਨ, ਜਿਨ੍ਹਾਂ ਦਾ ਅਸਲ ’ਚ ਜਨਮ ਹੀ ਨਹੀਂ ਹੋਇਆ ਸੀ ਪਰ ਕਾਂਗਰਸ ਸਰਕਾਰ ਉਨ੍ਹਾਂ ਦੇ ਨਾਂ ’ਤੇ ਪੈਸੇ ਕਢਵਾਉਂਦੀ ਸੀ ਅਤੇ ਇਹ ਪੈਸਾ ਪਾਰਟੀ ਦੇ ਲੋਕਾਂ ਦੀਆਂ ਜੇਬਾਂ ’ਚ ਜਾਂਦਾ ਸੀ। ਗਰੀਬ ਵਿਅਕਤੀ ਨੂੰ ਰਾਸ਼ਨ ਦੀ ਦੁਕਾਨ ’ਤੇ ਪਹੁੰਚਣ ’ਤੇ ਪਤਾ ਲੱਗਦਾ ਸੀ ਕਿ ਉਸ ਦਾ ਰਾਸ਼ਨ ਕੋਈ ਹੋਰ ਲੈ ਗਿਆ ਹੈ।

ਉਨ੍ਹਾਂ ਕਿਹਾ ਕਿ 2014 ’ਚ ਦਿੱਲੀ ’ਚ ‘ਚੌਕੀਦਾਰ’ ਦੇ ਬੈਠਦਿਆਂ ਹੀ ਕਾਂਗਰਸ ਦੇ ਫਰਜ਼ੀ ਲਾਭਪਾਤਰੀ ਘਪਲਿਆਂ ’ਤੇ ਬ੍ਰੇਕ ਲੱਗ ਗਈ। ਸਰਕਾਰ ਨੇ 100 ਕਰੋੜ ਫਰਜ਼ੀ ਲਾਭਪਾਤਰੀਆਂ ਨੂੰ ਬਾਹਰ ਕੱਢ ਦਿੱਤਾ। ਮੋਦੀ ਨੇ ਕਿਹਾ ਕਿ 10 ਸਾਲਾਂ ’ਚ ਭਾਜਪਾ ਸਰਕਾਰ ਨੇ 33 ਲੱਖ ਕਰੋੜ ਰੁਪਏ ਸਿੱਧੇ ਗਰੀਬਾਂ ਦੇ ਬੈਂਕ ਖਾਤਿਆਂ ’ਚ ਭੇਜੇ ਹਨ ਅਤੇ ਇਸ ’ਚੋਂ ਇਕ ਵੀ ਰੁਪਇਆ ਇਧਰ-ਉਧਰ ਨਹੀਂ ਹੋਇਆ।


Rakesh

Content Editor

Related News