ਕਸ਼ਮੀਰ: ਹੈਲੀਕਾਪਟਰ ਹਾਦਸੇ ’ਚ ਸ਼ਹੀਦ ਹੋਏ ਮੇਜਰ ਸੰਕਲਪ ਦਾ ਫ਼ੌਜੀ ਸਨਮਾਨ ਨਾਲ ਅੰਤਿਮ ਸੰਸਕਾਰ

Saturday, Mar 12, 2022 - 05:57 PM (IST)

ਜੈਪੁਰ– ਕਸ਼ਮੀਰ ’ਚ ਸ਼ੁੱਕਰਵਾਰ ਨੂੰ ਭਾਰਤੀ ਫ਼ੌਜ ਦਾ ਇਕ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ’ਚ ਮਾਰੇ ਗਏ ਜੈਪੁਰ ਦੇ ਮੇਜਰ ਸੰਕਲਪ ਯਾਦਵ ਦਾ ਸ਼ਨੀਵਾਰ ਨੂੰ ਪੂਰੇ ਫ਼ੌਜੀ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਗਿਆ। 29 ਸਾਲਾ ਸੰਕਲਪ ਯਾਦਵ ਉੱਤਰੀ ਕਸ਼ਮੀਰ ਦੇ ਗੁਰੇਜ਼ ਖੇਤਰ ’ਚ ਹਾਦਸੇ ਦਾ ਸ਼ਿਕਾਰ ਹੋਏ ਚੀਤਾ ਹੈਲੀਕਾਪਟਰ ਦੇ ਸਹਿ-ਪਾਇਲਟ ਸਨ। 

ਅੰਤਿਮ ਸੰਸਕਾਰ ਤੋਂ ਪਹਿਲਾਂ ਯਾਦਵ ਦੀ ਮ੍ਰਿਤਕ ਦੇਹ ਨੂੰ ਜੈਪੁਰ ਪਹੁੰਚਣ ’ਤੇ ਫੁੱਲਾਂ ਨਾਲ ਸਜੇ ਇਕ ਟਰੱਕ ’ਚ ਨੰਦਪੁਰੀ ਸਥਿਤ ਉਨ੍ਹਾਂ ਦੇ ਘਰ ਲਿਜਾਇਆ ਗਿਆ, ਜਿੱਥੇ ਵੱਡੀ ਗਿਣਤੀ ’ਚ ਮੌਜੂਦ ਲੋਕਾਂ ਅਤੇ ਪਰਿਵਾਰਾਂ ਨੇ ਉਨ੍ਹਾਂ ਨੂੰ ਫੁੱਲ ਭੇਟ ਕਰ ਕੇ ਸ਼ਰਧਾਂਜਲੀ ਦਿੱਤੀ। ਯਾਦਵ ਦੇ ਚਾਚਾ ਨੇ ਕਿਹਾ ਕਿ ਸੰਕਲਪ ਦੇ ਜਾਣ ਨਾਲ ਪਰਿਵਾਰ ਨੇ ਆਪਣਾ ਇਕ ਮੈਂਬਰ ਗੁਆ ਦਿੱਤਾ ਹੈ ਅਤੇ ਦੇਸ਼ ਨੇ ਇਕ ਸਪੂਤ। ਉਹ ਸਾਡਾ ਮਾਣ ਸੀ।

ਫ਼ੌਜ ਦੇ ਬੁਲਾਰੇ ਮੁਤਾਬਕ ਯਾਦਵ ਨੂੰ ਫ਼ੌਜ ਮੁਖੀ ਅਤੇ ਫ਼ੌਜ ਕਮਾਂਡਰ ਵਲੋਂ ਪੁਸ਼ਪ ਚੱਕਰ ਭੇਟ ਕਰ ਕੇ ਸ਼ਰਧਾਂਜਲੀ ਦਿੱਤੀ ਗਈ। ਅੰਤਿਮ ਸੰਸਕਾਰ ਦੇ ਸਮੇਂ ਰਾਜਸਥਾਨ ਦੇ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਪ੍ਰਤਾਪ ਸਿੰਘ ਖਾਚਰਿਆਵਾਸ, ਭਾਜਪਾ ਦੇ ਸਾਬਕਾ ਪ੍ਰਧਾਨ ਅਰੁਣ ਚਤੁਰਵੇਦੀ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਸ ਦੇ ਅਧਿਕਾਰੀ ਮੌਜੂਦ ਸਨ। ਅੰਤਿਮ ਯਾਤਰਾ ’ਚ ਸ਼ਾਮਲ ਲੋਕਾਂ ਨੇ ‘ਭਾਰਤ ਮਾਤਾ ਕੀ ਜੈ’ ਦੇ ਨਾਅਰੇ ਲਗਾ ਕੇ ਮੇਜਰ ਯਾਦਵ ਨੂੰ ਸ਼ਰਧਾਂਜਲੀ ਦਿੱਤੀ। ਮੇਜਰ ਯਾਦਵ ਦਾ ਅੰਤਿਮ ਸੰਸਕਾਰ ਅਜਮੇਰ ਰੋਡ ਸ਼ਮਸ਼ਾਨਘਾਟ ਵਿਚ ਕੀਤਾ ਗਿਆ।


Tanu

Content Editor

Related News