ਚੀਨ ਨੂੰ ਜਵਾਬ ਦੇਣ ਲਈ ਨੇਵੀ ਦੀ ਵੱਡੀ ਤਿਆਰੀ, ਮਿਗ 29K ਜੰਗੀ ਜਹਾਜ਼ਾਂ ਨੂੰ ਕੀਤਾ ਤਾਇਨਾਤ

08/17/2020 9:14:30 PM

ਨਵੀਂ ਦਿੱਲੀ - ਪੂਰਬੀ ਲੱਦਾਖ 'ਚ ਚੀਨ ਨਾਲ ਜਾਰੀ ਤਣਾਅ ਦੇ ਮੱਦੇਨਜ਼ਰ ਨੇਵੀ ਦੇ ਚੋਟੀ ਦੇ ਕਮਾਂਡਰਾਂ ਦੀ ਬੁੱਧਵਾਰ ਨੂੰ ਇੱਕ ਵੱਡੀ ਬੈਠਕ ਹੋਵੇਗੀ। ਬੈਠਕ 'ਚ ਪੀਪਲਜ਼ ਲਿਬਰੇਸ਼ਨ ਆਰਮੀ ਨੇਵੀ ਦੀਆਂ ਸਰਗਰਮੀਆਂ ਤੋਂ ਨਜਿੱਠਣ ਦੀਆਂ ਤਿਆਰੀਆਂ 'ਤੇ ਚਰਚਾ ਹੋਵੇਗੀ। ਇਹ ਬੈਠਕ ਅਜਿਹੇ ਸਮੇਂ 'ਚ ਹੋ ਰਹੀ ਹੈ ਜਦੋਂ ਚੀਨ ਸਰਹੱਦ 'ਤੇ ਨਿਯੁਕਤੀ ਵਧਾ ਰਿਹਾ ਹੈ ਅਤੇ ਪੂਰਬੀ ਲੱਦਾਖ ਖੇਤਰ 'ਚ ਫਿੰਗਰ ਇਲਾਕੇ, ਡੇਪਸਾਂਗ ਅਤੇ ਗੋਗਰਾ ਤੋਂ ਪਿੱਛੇ ਹੱਟਣ 'ਚ ਟਾਲ ਮਟੋਲ ਕਰ ਰਿਹਾ ਹੈ। ਇਹੀ ਨਹੀਂ ਨੇਵੀ ਨੇ ਚੀਨੀ ਨੇਵੀ ਦੀਆਂ ਹਰਕਤਾਂ 'ਤੇ ਨਜ਼ਰ ਰੱਖਣ ਲਈ ਜੰਗੀ ਜਹਾਜ਼ਾਂ ਦੀ ਨਿਯੁਕਤੀ ਵੀ ਵਧਾ ਦਿੱਤੀ ਹੈ।

ਨੇਵੀ ਦੇ ਸੂਤਰਾਂ ਨੇ ਦੱਸਿਆ ਕਿ ਨੇਵੀ ਦੇ ਚੋਟੀ ਦੇ ਅਧਿਕਾਰੀ ਇਸ ਬੈਠਕ 'ਚ ਸ਼ਿਰਕਤ ਕਰਨਗੇ। ਭਾਰਤੀ ਨੇਵੀ ਦੇ ਅਧਿਕਾਰੀ ਇਸ ਬੈਠਕ 'ਚ ਚੀਨੀ ਆਕਰਾਮਕਤਾ ਅਤੇ ਹਿੰਦ ਮਹਾਸਾਗਰ ਖੇਤਰ 'ਚ ਭਾਰਤੀ ਨੇਵੀ ਵੱਲੋਂ ਚੁੱਕੇ ਜਾਣ ਵਾਲੇ ਜ਼ਰੂਰੀ ਕਦਮਾਂ 'ਤੇ ਵਿਸਥਾਰ ਨਾਲ ਚਰਚਾ ਕਰਨਗੇ। ਇਸ ਬੈਠਕ 'ਚ ਨੇਵੀ ਪ੍ਰਮੁੱਖ ਵੀ ਸ਼ਾਮਲ ਹੋਣਗੇ। ਇਸ ਦੌਰਾਨ ਪੱਛਮੀ ਨੇਵੀ ਕਮਾਂਡਰ ਵਾਇਸ ਐਡਮਿਰਲ ਅਜੀਤ ਕੁਮਾਰ ਅਤੇ ਪੂਰਬੀ ਨੇਵੀ ਕਮਾਂਡਰ ਵਾਇਸ ਐਡਮਿਰਲ ਅਤੁਲ ਜੈਨ ਸਹਿਤ ਮਹੱਤਵਪੂਰਣ ਕਮਾਂਡਰ ਹਿੱਸਾ ਲੈਣਗੇ।


ਸਮਾਚਾਰ ਏਜੰਸੀ ਏ.ਐੱਨ.ਆਈ ਮੁਤਾਬਕ, ਨੇਵੀ ਚੀਨ ਦੀ ਚੁਣੌਤੀ ਨਾਲ ਨਜਿੱਠਣ ਲਈ ਮਿਸ਼ਨ ਆਧਾਰਿਤ ਤਾਇਨਾਤੀ ਸਮੇਤ ਪੀ.ਐੱਲ.ਏ.ਐੱਨ. ਦੀਆਂ ਸਰਗਰਮੀਆਂ 'ਤੇ ਨਜ਼ਰ ਰੱਖਣ ਲਈ ਵਿਸ਼ੇਸ਼ ਉਪਾਅ ਕਰ ਰਹੀ ਹੈ। ਸੂਤਰਾਂ ਨੇ ਦੱਸਿਆ ਕਿ ਨੇਵੀ ਹਿੰਦ ਮਹਾਸਾਗਰ ਖੇਤਰ 'ਚ ਮਲੱਕਾ ਜਲਡਮਰੂਮਧਿਅ ਤੋਂ ਪੀ.ਐੱਲ.ਏ.ਐੱਨ. ਦੀ ਆਵਾਜਾਈ 'ਤੇ ਕੜੀ ਨਜ਼ਰ ਰੱਖਣ ਲਈ ਡਰੋਨਾਂ ਅਤੇ ਪਣਡੁੱਬੀਆਂ ਦੀ ਤਾਇਨਾਤੀ ਦੀ ਯੋਜਨਾ 'ਤੇ ਕੰਮ ਕਰ ਰਹੀ ਹੈ। ਇਸ ਦੇ ਲਈ ਜ਼ਰੂਰੀ ਫੌਜੀ ਹਥਿਆਰਾਂ ਨੂੰ ਹਾਸਲ ਕਰਨ ਦੀ ਵੀ ਯੋਜਨਾ ਹੈ। ਨੇਵੀ ਜਿਬੂਤੀ ਖੇਤਰ ਦੇ ਨੇੜੇ ਮੌਜੂਦ ਚੀਨੀ ਜਹਾਜ਼ਾਂ ਦੀ ਲਗਾਤਾਰ ਨਿਗਰਾਨੀ ਕਰ ਰਹੀ ਹੈ।


ਸੂਤਰਾਂ ਨੇ ਦੱਸਿਆ ਕਿ ਨੇਵੀ ਨੇ ਹਵਾਈ ਫੌਜ ਦੇ ਇੱਕ ਮਹੱਤਵਪੂਰਣ ਅੱਡੇ 'ਤੇ ਆਪਣੇ ਮਿਗ-29K ਲੜਾਕੂ ਜਹਾਜ਼ਾਂ ਨੂੰ ਵੀ ਤਾਇਨਾਤ ਕੀਤਾ ਹੈ। ਇਸ ਬੇਸ ਤੋਂ ਲੜਾਕੂ ਜਹਾਜ਼ ਜ਼ਮੀਨ ਅਤੇ ਪਹਾੜੀ ਇਲਾਕਿਆਂ 'ਚ ਆਪਰੇਸ਼ਨਾਂ ਦਾ ਅਭਿਆਸ ਕਰ ਰਹੇ ਹਨ। ਇਹੀ ਨਹੀਂ ਨੇਵੀ ਨੇ 1,245 ਕਰੋੜ ਰੁਪਏ ਤੋਂ ਜ਼ਿਆਦਾ ਦੇ ਸੌਦੇ  ਦੇ ਤਹਿਤ 10 ਨੇਵੀ ਡਰੋਨਾਂ ਦੀ ਖਰੀਦ 'ਤੇ ਵੀ ਤੇਜ਼ੀ ਨਾਲ ਕੰਮ ਸ਼ੁਰੂ ਕੀਤਾ ਹੈ। ਭਾਰਤੀ ਨੇਵੀ ਨੇ ਹਿੰਦ ਮਹਾਸਾਗਰ ਖੇਤਰ 'ਚ ਆਪਣੇ ਜੰਗੀ ਜਹਾਜ਼ਾਂ ਦੀ ਗਿਣਤੀ ਵੀ ਵਧਾ ਦਿੱਤੀ ਹੈ। ਨੇਵੀ ਉੱਤਰ 'ਚ ਲੱਦਾਖ ਤੋਂ ਲੈ ਕੇ ਦੱਖਣ 'ਚ ਮਾਰੀਸ਼ਸ ਤੱਕ ਕਰੀਬ 7,000 ਕਿਲੋਮੀਟਰ ਅਤੇ ਪੱਛਮ 'ਚ ਲਾਲ ਸਾਗਰ ਤੋਂ ਪੂਰਬ 'ਚ ਮਲੱਕਾ ਜਲਡਮਰੂਮਧਿਅ ਤੱਕ ਕਰੀਬ 8,000 ਕਿਲੋਮੀਟਰ ਦੀ ਦੂਰੀ ਤੱਕ ਨਿਗਰਾਨੀ ਰੱਖ ਰਹੀ ਹੈ।


Inder Prajapati

Content Editor

Related News