Punjab: ਬਿਜਲੀ ਖ਼ਪਤਕਾਰਾਂ ਲਈ ਅਹਿਮ ਖ਼ਬਰ, ਖੜ੍ਹੀ ਹੋਈ ਵੱਡੀ ਮੁਸੀਬਤ!
Monday, May 12, 2025 - 11:28 AM (IST)

ਜਲੰਧਰ (ਚੋਪੜਾ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪਾਵਰਕਾਮ) ਦਾ ਸੈਂਟਰਲ ਟਾਊਨ, ਪ੍ਰਤਾਪ ਬਾਗ ਦੇ ਸਾਹਮਣੇ ਸਥਿਤ ਦਫ਼ਤਰ ਇਨ੍ਹੀਂ ਦਿਨੀਂ ਸੀਨੀਅਰ ਸਿਟੀਜ਼ਨਜ਼ ਅਤੇ ਦਿਵਿਆਂਗਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਿਆ ਹੋਇਆ ਹੈ। ਇਸ ਦਫ਼ਤਰ ’ਚ ਬਿਜਲੀ ਦੇ ਬਿੱਲਾਂ ਨਾਲ ਸੰਬੰਧਤ ਸਮੱਸਿਆਵਾਂ ਦੇ ਹੱਲ ਲਈ ਲੋਕਾਂ ਨੂੰ ਤੀਜੀ ਮੰਜ਼ਿਲ ’ਤੇ ਸਥਿਤ ਵਿਭਾਗੀ ਕਮਰੇ ’ਚ ਜਾਣਾ ਪੈਂਦਾ ਹੈ ਪਰ ਉਥੇ ਪਹੁੰਚਣ ਲਈ ਨਾ ਤਾਂ ਕੋਈ ਲਿਫ਼ਟ ਦੀ ਸਹੂਲਤ ਹੈ ਅਤੇ ਨਾ ਹੀ ਕੋਈ ਰੈਂਪ ਹੈ। ਸੀਨੀਅਰ ਸਿਟੀਜ਼ਨ ਐੱਮ. ਡੀ. ਸੱਭਰਵਾਲ ਅਤੇ ਟੈਲੀਫੋਨ ਵਿਭਾਗ ਤੋਂ ਰਿਟਾਇਰਡ ਐੱਮ. ਐੱਮ. ਚੋਪੜਾ ਨੇ ਇਸ ਸਮੱਸਿਆ ਵੱਲ ਪ੍ਰਸ਼ਾਸਨ ਦਾ ਧਿਆਨ ਦਿਵਾਉਂਦੇ ਹੋਏ ਕਿਹਾ ਕਿ ਪਾਵਰਕਾਮ ਵੱਲੋਂ ਭੇਜੇ ਜਾਣ ਵਾਲੇ ਬਿਜਲੀ ਦੇ ਬਿੱਲਾਂ ’ਚ ਅਕਸਰ ਗੜਬੜੀਆਂ ਪਾਈਆਂ ਜਾਂਦੀਆਂ ਹਨ। ਕਦੇ ਖ਼ਪਤ ਨਾਲੋਂ ਵੱਧ ਰਾਸ਼ੀ ਪਾਈ ਜਾਂਦੀ ਹੈ ਤਾਂ ਕਦੇ ਪੁਰਾਣੇ ਬਿੱਲਾਂ ਦੀਆਂ ਬਕਾਇਆ ਰਾਸ਼ੀਆਂ ਜੋੜ ਦਿੱਤੀਆਂ ਜਾਂਦੀਆਂ ਹਨ। ਅਜਿਹੀ ਸਥਿਤੀ ’ਚ ਖ਼ਪਤਕਾਰਾਂ ਨੂੰ ਆਪਣੀ ਸਮੱਸਿਆ ਲੈ ਕੇ ਦਫ਼ਤਰ ਦਾ ਰੁਖ਼ ਕਰਨਾ ਪੈਂਦਾ ਹੈ। ਪਰ ਜਦੋਂ ਕੋਈ ਬਜ਼ੁਰਗ ਵਿਅਕਤੀ, ਔਰਤ ਜਾਂ ਦਿਵਿਆਂਗ ਵਿਅਕਤੀ ਪਾਵਰਕਾਮ ਦੇ ਇਸ ਦਫ਼ਤਰ ’ਚ ਜਾਂਦਾ ਹੈ ਤਾਂ ਉਸ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਤਿੰਨ ਮੰਜ਼ਿਲਾ ਉੱਚਾਈ ਤੱਕ ਸਿਰਫ਼ ਪੌੜੀਆਂ ਸਹਾਰੇ ਪਹੁੰਚਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ। ਗਰਮੀ ਦੇ ਇਨ੍ਹਾਂ ਦਿਨਾਂ ’ਚ ਇਹ ਪ੍ਰੇਸ਼ਾਨੀ ਹੋਰ ਵੀ ਗੰਭੀਰ ਹੋ ਗਈ ਹੈ।
ਇਹ ਵੀ ਪੜ੍ਹੋ: ਆਪ੍ਰੇਸ਼ਨ ਸਿੰਦੂਰ ਤਹਿਤ ਭਾਰਤ ਦਾ ਪਾਕਿ ਨੂੰ ਸਖ਼ਤ ਸੁਨੇਹਾ, ਜੰਗ ਸਿਰਫ਼ ਸਾਡੀਆਂ ਫ਼ੌਜਾਂ ਹੀ ਨਹੀਂ ਸਗੋਂ ...
ਸੱਭਰਵਾਲ ਨੇ ਦੱਸਿਆ ਕਿ ਬਿਜਲੀ ਦੇ ਬਿੱਲ ’ਚ ਗੜਬੜੀ ਹੋਣਾ ਆਮ ਗੱਲ ਹੋ ਗਈ ਹੈ ਪਰ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਉਸ ਗੜਬੜੀ ਨੂੰ ਠੀਕ ਕਰਵਾਉਣ ਲਈ ਸਾਨੂੰ ਵਾਰ-ਵਾਰ ਤੀਜੀ ਮੰਜ਼ਿਲ ’ਤੇ ਜਾਣਾ ਪੈਂਦਾ ਹੈ। ਇਥੇ ਨਾ ਤਾਂ ਕੋਈ ਰੈਂਪ ਬਣਾਇਆ ਗਿਆ ਹੈ ਅਤੇ ਨਾ ਹੀ ਲਿਫ਼ਟ ਲਾਈ ਗਈ ਹੈ। ਅਜਿਹੇ ’ਚ 60 ਸਾਲ ਤੋਂ ਵੱਧ ਉਮਰ ਦੇ ਲੋਕ ਖ਼ਾਸ ਕਰਕੇ ਬੀਮਾਰ ਅਤੇ ਲਾਚਾਰ ਨਾਗਰਿਕਾਂ ਲਈ ਉੱਪਰ ਤਕ ਪਹੁੰਚਣਾ ਲਗਭਗ ਅਸੰਭਵ ਹੋ ਗਿਆ ਹੈ।
ਸੱਭਰਵਾਲ ਨੇ ਦੱਸਿਆ ਕਿ ਉਨ੍ਹਾਂ ਖ਼ੁਦ ਕਈ ਵਾਰ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਪਰ ਅਜਿਹਾ ਲੱਗਦਾ ਹੈ ਕਿ ਪਾਵਰਕਾਮ ਅਧਿਕਾਰੀਆਂ ’ਚ ਸੀਨੀਅਰ ਸਿਟੀਜ਼ਨਜ਼ ਦੀਆਂ ਪ੍ਰੇਸ਼ਾਨੀਆਂ ਨੂੰ ਕਦੇ ਗੰਭੀਰਤਾ ਨਾਲ ਲੈਣ ਦੀ ਕੋਈ ਇੱਛਾ ਸ਼ਕਤੀ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਤੀਜੀ ਮੰਜ਼ਿਲ ’ਤੇ ਬੈਠਣ ਵਾਲੇ ਸਬੰਧਤ ਵਰਕਰਾਂ ਨੂੰ ਗਰਾਊਂਡ ਫਲੋਰ ਜਾਂ ਪਹਿਲੀ ਮੰਜ਼ਿਲ ’ਤੇ ਸ਼ਿਫ਼ਟ ਕੀਤਾ ਜਾਵੇ ਤਾਂ ਕਿ ਸੀਨੀਅਰ ਸਿਟੀਜ਼ਨਜ਼ ਅਤੇ ਦਿਵਿਆਂਗ ਲੋਕ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਆਪਣੀਆਂ ਸ਼ਿਕਾਇਤਾਂ ਦਰਜ ਕਰਵਾ ਸਕਣ।
ਇਹ ਵੀ ਪੜ੍ਹੋ: ਇਕ ਵਾਰ ਫਿਰ ਗੋਲ਼ੀਆਂ ਦੀ ਠਾਹ-ਠਾਹ ਨਾਲ ਦਹਿਲਿਆ ਪੰਜਾਬ ਦਾ ਇਹ ਇਲਾਕਾ, ਹੋ ਗਈ ਵੱਡੀ ਵਾਰਦਾਤ
ਹਾਲਾਂਕਿ, ਇਹ ਪਹਿਲਾ ਮਾਮਲਾ ਨਹੀਂ ਹੈ ਜਦੋਂ ਸਰਕਾਰੀ ਇਮਾਰਤਾਂ ’ਚ ਦਿਵਿਆਂਗਾਂ ਅਤੇ ਬਜ਼ੁਰਗਾਂ ਦੀਆਂ ਸਹੂਲਤਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ। ਜ਼ਿਲ੍ਹੇ ’ਚ ਬਹੁਤ ਸਾਰੇ ਅਜਿਹੇ ਸਰਕਾਰੀ ਦਫ਼ਤਰ ਹਨ, ਜਿੱਥੇ ਨਾ ਤਾਂ ਕੋਈ ਲਿਫ਼ਟ ਅਤੇ ਨਾ ਹੀ ਕੋਈ ਰੈਂਪ ਦਿੱਤਾ ਗਿਆ ਹੈ। ਕਈ ਵਾਰ ਤਾਂ ਅਜਿਹਾ ਵੀ ਵੇਖਣ ਨੂੰ ਆਉਂਦਾ ਰਿਹਾ ਹੈ ਕਿ ਦਫ਼ਤਰ ’ਚ ਲੱਗੀ ਲਿਫ਼ਟ ਅਕਸਰ ਖ਼ਰਾਬ ਹੁੰਦੀ ਹੈ ਪਰ ਹੁਣ ਜਦੋਂ ਸ਼ਿਕਾਇਤਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ, ਤਾਂ ਪ੍ਰਸ਼ਾਸਨ ਨੂੰ ਬਿਨਾਂ ਕਿਸੇ ਦੇਰੀ ਦੇ ਢੁੱਕਵੇਂ ਪ੍ਰਬੰਧ ਕਰਨੇ ਚਾਹੀਦੇ ਹਨ।
ਸਬ-ਰਜਿਸਟਰਾਰ ਬਿਲਡਿੰਗ ਦੀ ਲਿਫਟ ਕਈ ਮਹੀਨਿਆਂ ਤੋਂ ਬੰਦ, ਪਟਵਾਰਖਾਨੇ ਪਹੁੰਚਣ ਲਈ ਪੌੜੀਆਂ ਦਾ ਸਹਾਰਾ
ਜ਼ਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ ਜਲੰਧਰ ’ਚ ਸਥਿਤ ਸਬ-ਰਜਿਸਟਰਾਰ ਬਿਲਡਿੰਗ ਦੀ ਲਿਫ਼ਟ ਪਿਛਲੇ ਕਈ ਮਹੀਨਿਆਂ ਤੋਂ ਬੰਦ ਪਈ ਹੈ। ਇਸ ਤਕਨੀਕੀ ਖਰਾਬੀ ਦੀ ਵਜ੍ਹਾ ਨਾਲ ਭਵਨ ਦੀ ਪਹਿਲੀ ਮੰਜ਼ਿਲ ਤੱਕ ਪਹੁੰਚਣ ਲਈ ਲੋਕਾਂ ਨੂੰ ਸਿਰਫ਼ ਪੌੜੀਆਂ ਦਾ ਸਹਾਰਾ ਲੈਣਾ ਪੈ ਰਿਹਾ ਹੈ। ਇਸ ਨਾਲ ਖ਼ਾਸ ਤੌਰ ’ਤੇ ਬਜ਼ੁਰਗ ਨਾਗਰਿਕਾਂ, ਔਰਤਾਂ ਅਤੇ ਦਿਵਿਆਂਗਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਦੀ ਵੱਡੀ ਭਵਿੱਖਬਾਣੀ, ਆਵੇਗਾ ਤੂਫ਼ਾਨ ਤੇ ਭਾਰੀ ਮੀਂਹ, ਇਨ੍ਹਾਂ ਜ਼ਿਲ੍ਹਿਆਂ ਲਈ Alert
ਜ਼ਿਕਰਯੋਗ ਹੈ ਕਿ ਇਸ ਬਿਲਡਿੰਗ ਦੀ ਪਹਿਲੀ ਮੰਜ਼ਿਲ ’ਤੇ ਹੀ ਪਟਵਾਰਖਾਨਾ ਸਥਿਤ ਹੈ, ਜਿੱਥੇ ਸ਼ਹਿਰ ਅਤੇ ਆਲੇ-ਦੁਆਲੇ ਦੇ ਖੇਤਰਾਂ ਤੋਂ ਵੱਡੀ ਗਿਣਤੀ ’ਚ ਲੋਕ ਆਪਣੀਆਂ ਜ਼ਮੀਨ ਅਤੇ ਪ੍ਰਾਪਰਟੀ ਨਾਲ ਜੁੜੀਆਂ ਸਮੱਸਿਆਵਾਂ ਨੂੰ ਲੈ ਕੇ ਆਉਂਦੇ ਹਨ। ਇਥੇ ਰੋਜ਼ਾਨਾ ਲਗਭਗ 70 ਤੋਂ 80 ਪਟਵਾਰੀਆਂ ਤੋਂ ਇਲਾਵਾ ਹੋਰ ਸਟਾਫ ਮੈਂਬਰ ਕੰਮ ਕਰ ਰਹੇ ਹਨ। ਰੋਜ਼ਾਨਾ ਇਥੇ ਆਉਣ ਵਾਲੇ ਲੋਕਾਂ ’ਚ ਵੱਡੀ ਗਿਣਤੀ ਬਜ਼ੁਰਗ ਮਰਦਾਂ ਅਤੇ ਔਰਤਾਂ ਦੀ ਹੁੰਦੀ ਹੈ, ਜਿਨ੍ਹਾਂ ਲਈ ਪੌੜੀਆਂ ਚੜ੍ਹ ਕੇ ਉੱਪਰ ਪਹੁੰਚਣਾ ਇਕ ਮੁਸ਼ਕਲ ਅਤੇ ਥਕਾਉਣ ਵਾਲਾ ਕੰਮ ਹੈ। ਕਰਮਚਾਰੀਆਂ ਨੇ ਦੱਸਿਆ ਕਿ ਲਿਫ਼ਟ ਕਈ ਮਹੀਨਿਆਂ ਤੋਂ ਖ਼ਰਾਬ ਹੈ ਅਤੇ ਹੁਣ ਤਕ ਉਸ ਦੀ ਮੁਰੰਮਤ ਜਾਂ ਬਦਲਾਅ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨਿਕ ਭਵਨਾਂ ’ਚ ਬੁਨਿਆਦੀ ਸਹੂਲਤਾਂ ਦੀ ਇਹ ਸਥਿਤੀ ਨਾ ਸਿਰਫ਼ ‘ਅਸੁਵਿਧਾਜਨਕ’ ਹੈ, ਸਗੋਂ ਸਰਕਾਰ ਦੀਆਂ ‘ਜਨ ਸੁਵਿਧਾ’ ਵਾਲੀਆਂ ਨੀਤੀਆਂ ਦੇ ਵੀ ਉਲਟ ਹੈ। ਲੋਕਾਂ ਨੇ ਮੰਗ ਕੀਤੀ ਕਿ ਲਿਫ਼ਟ ਨੂੰ ਛੇਤੀ ਤੋਂ ਛੇਤੀ ਚਾਲੂ ਕੀਤਾ ਜਾਵੇ ਤਾਂ ਕਿ ਆਮ ਨਾਗਰਿਕ ਮੁੱਖ ਤੌਰ ’ਤੇ ਬਜ਼ੁਰਗ ਅਤੇ ਲਾਚਾਰ ਲੋਕ ਬਿਨਾਂ ਕਿਸੇ ਮੁਸ਼ਕਿਲ ਦੇ ਆਪਣੀਆਂ ਸਮੱਸਿਆਵਾਂ ਦਾ ਹੱਲ ਕਰਵਾ ਸਕਣ।
ਇਹ ਵੀ ਪੜ੍ਹੋ: ਪੰਜਾਬ ਵਿਚ ਬਲੈਕਆਊਟ ਨੂੰ ਲੈ ਕੇ CM ਭਗਵੰਤ ਮਾਨ ਦਾ ਵੱਡਾ ਐਲਾਨ (ਵੀਡੀਓ)
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e