ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਤੋਂ ਰੇਲਵੇ ਨੂੰ ਹੋਇਆ ਵੱਡਾ ਨੁਕਸਾਨ

12/16/2019 1:05:49 AM

ਕੋਲਕਾਤਾ (ਏਜੰਸੀ)- ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਦੇ ਚੱਲਦੇ ਬੀਤੇ ਦੋ ਦਿਨਾਂ ਤੋਂ ਦੱਖਣ ਪੂਰਬੀ ਰੇਲਵੇ ਅਤੇ ਵੱਖ-ਵੱਖ ਸਟੇਸ਼ਨਾਂ ਵਿਚ ਤੋੜਭੰਨ, ਅੱਗ ਦੀਆਂ ਘਟਨਾਵਾਂ ਕਾਰਨ 100 ਕਰੋੜ ਰੁਪਏ ਤੋਂ ਜ਼ਿਆਦਾ ਦਾ ਨੁਕਸਾਨ ਹੋਇਆ ਹੈ। ਕੁਝ ਨਿਊਜ਼ ਵੈਬਸਾਈਟਾਂ ਨੇ ਰੇਲਵੇ ਦੇ ਸੂਤਰਾਂ ਮੁਤਾਬਕ ਬੀਤੇ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਉਲੂਬੇਰੀਆ, ਬਾਊਡੀਆ, ਸਾਂਕਰਾਈਲ, ਨਲਪੁਰ ਸਟੇਸ਼ਨਾਂ 'ਚ ਪ੍ਰਦਰਸ਼ਨਕਾਰੀਆਂ ਵਲੋਂ ਤੋੜਭੰਨ ਅਤੇ ਅੱਗ ਦੀਆਂ ਘਟਨਾਵਾਂ ਕਾਰਨ ਟ੍ਰੇਨਾਂ ਰੱਦ ਕਰ ਦਿੱਤੀਆਂ, ਜਿਸ ਕਾਰਨ ਇਕੱਲੇ ਦੱਖਣ ਪੂਰਬੀ ਰੇਲਵੇ ਨੂੰ 15,77,33,779 ਕਰੋੜ ਦਾ ਨੁਕਸਾਨ ਹੋਇਆ ਹੈ।
ਓਧਰ, ਪੂਰਬੀ ਰੇਲਵੇ ਦੇ ਬੇਲਡਾਂਗਾ, ਸੁਜਨੀਪਾੜਾ, ਕ੍ਰਿਸ਼ਨਪੁਰ, ਲਾਲਗੋਲਾ ਸਣੇ ਹੋਰ ਸਟੇਸ਼ਨਾਂ ਅਤੇ ਟ੍ਰੇਨਾਂ ਵਿਚ ਤੋੜਭੰਨ, ਅੱਗ ਦੀਆਂ ਘਟਨਾਵਾਂ ਤੋਂ 85 ਕਰੋੜ ਤੋਂ ਜ਼ਿਆਦਾ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਹੈ। ਰੇਲਵੇ ਨੂੰ ਹਿੰਸਾ ਕਾਰਨ ਕੁਲ ਮਿਲਾ ਕੇ ਬੀਤੇ ਦੋ ਦਿਨਾਂ ਵਿਚ 100 ਕਰੋੜ ਤੋਂ ਜ਼ਿਆਦਾ ਦਾ ਨੁਕਸਾਨ ਹੋਇਆ ਦੱਸਿਆ ਗਿਆ ਹੈ।
ਮੁੱਖ ਮੰਤਰੀ ਮਮਤਾ ਬੈਨਰਜੀ ਨੇ ਐਤਵਾਰ ਦੇਰ ਸ਼ਾਮ ਆਪਣੀ ਰਿਹਾਇਸ਼ 'ਤੇ ਉੱਚ ਅਧਿਕਾਰੀਆਂ ਦੀ ਇਕ ਮੀਟਿੰਗ ਬੁਲਾਈ। ਇਸ ਵਿਚ ਉਨ੍ਹਾਂ ਸਪੱਸ਼ਟ ਕਿਹਾ ਕਿ ਹਿੰਸਕ ਪ੍ਰਦਰਸ਼ਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੁਲਸ ਪ੍ਰਸ਼ਾਸਨ ਨੂੰ ਇਸ ਨਾਲ ਸਖ਼ਤੀ ਨਾਲ ਨਜਿੱਠਣਾ ਚਾਹੀਦਾ ਹੈ। ਮੀਟਿੰਗ ਵਿਚ ਮੁੱਖ ਸਕੱਤਰ, ਗ੍ਰਹਿ ਸਕੱਤਰ, ਸੂਬੇ ਦੇ ਪੁਲਸ ਡਾਇਰੈਕਟਰ ਜਨਰਲ ਸਣੇ ਕਈ ਉੱਚ ਅਧਿਕਾਰੀ ਮੌਜੂਦ ਰਹੇ।
ਮੁੱਖ ਮੰਤਰੀ ਨੇ ਕਿਹਾ ਕਿ ਫਿਰਕੂ ਸ਼ਕਤੀਆਂ ਦੀ ਸ਼ਕਲ ਵਿਚ ਕੁਝ ਲੋਕ ਸੂਬੇ ਨੂੰ ਅਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਇਸ ਤਰ੍ਹਾਂ ਦਾ ਹਿੰਸਕ ਵਿਰੋਧ ਪ੍ਰਦਰਸ਼ਨ ਅਤੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣਾ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਵਿਰੋਧ ਸ਼ਾਂਤੀਪੂਰਵਕ ਹੋਣਾ ਚਾਹੀਦਾ ਹੈ।
 


Sunny Mehra

Content Editor

Related News