66 ਇਤਿਹਾਸਕ ਯਾਦਗਾਰਾਂ ਦੀ ਸੇਵਾ-ਸੰਭਾਲ ਨਿੱਜੀ ਹੱਥਾਂ ’ਚ, ਇਕ ਨਵੀਂ ਸ਼ੁਰੂਆਤ

Saturday, Oct 12, 2024 - 11:13 AM (IST)

ਨੈਸ਼ਨਲ ਡੈਸਕ- ਕੀ ਭਾਰਤ ਦੀਆਂ ਇਤਿਹਾਸਕ ਯਾਦਗਾਰਾਂ ਦੀ ਸੇਵਾ-ਸੰਭਾਲ ਨਿੱਜੀ ਹੱਥਾਂ ਵਿਚ ਸੌਂਪੇ ਜਾਣ ਤੋਂ ਬਾਅਦ ਕੋਈ ਤਬਦੀਲੀ ਆਈ ਹੈ? ਸਖ਼ਤ ਆਲੋਚਨਾ ਤੋਂ ਇਲਾਵਾ ਕੁਝ ਵੀ ਯਕੀਨੀ ਤੌਰ ’ਤੇ ਨਹੀਂ ਕਿਹਾ ਜਾ ਸਕਦਾ। ਹਮਾਯੂੰ ਦੇ ਮਕਬਰੇ ਦੇ ਦੱਖਣੀ ਲਾਂਘੇ ਅੰਦਰ ਯਾਦਗਾਰ ਦੀ ਤਬਦੀਲੀ ਸੱਭਿਆਚਾਰ ਮੰਤਰਾਲਾ ਦੀ ‘ਅਡਾਪਟ ਹੈਰੀਟੇਜ’ ਸਕੀਮ ਅਧੀਨ ਕਈ ਯੋਜਨਾਵਾਂ ’ਚੋਂ ਇਕ ਹੈ, ਜਿਸ ਨੇ ਸੰਭਾਲ ਕਰਨ ਵਾਲੇ ਮਾਹਿਰਾਂ ਨੂੰ ਉਤਸ਼ਾਹਿਤ ਕੀਤਾ ਹੈ।

ਯੂਨੈਸਕੋ ਦੀ ਇਕ ਵਿਸ਼ਵ ਵਿਰਾਸਤ ਸਾਈਟ ’ਚ ਸ਼ਾਮਲ 16ਵੀਂ ਸਦੀ ਦੇ ਕੰਪਲੈਕਸ ਨੂੰ ‘ਗੋਦ ਲੈਣ’ ਲਈ ਕੰਪਨੀ ਦੇ ਵਿਜ਼ਨ ਦਸਤਾਵੇਜ਼ ’ਚ ਰੈਸਟੋਰੈਂਟ ਤੋਂ ਇਲਾਵਾ ਪੱਛਮੀ ਲਾਂਘੇ ਉੱਪਰ ਇਕ ਕੈਫੇ ਦਾ ਵੀ ਪ੍ਰਸਤਾਵ ਹੈ। ਰੈਸਟੋਰੈਂਟ ਅਤੇ ਕੈਫੇ ਇਤਿਹਾਸਕ ਢਾਂਚੇ ਨਾਲ ਸਥਿਤ ਲਿਫਟਾਂ ਰਾਹੀਂ ਪਹੁੰਚਯੋਗ ਹੋਣਗੇ। ਹੋਰ ਵੀ ਬਹੁਤ ਕੁਝ ਹੈ। ਮਕਬਰੇ ਦੇ ਪੱਛਮੀ ਪਾਸੇ ਰੰਗੀਨ ਰੋਸ਼ਨੀ ਦਾ ਪ੍ਰਦਰਸ਼ਨ ਹੋਵੇਗਾ। ਬਾਗ ’ਚ ਵਿਸ਼ੇਸ਼ ਸਮਾਗਮ ਹੋਣਗੇ। ਪ੍ਰਾਈਵੇਟ ਡਾਇਨਿੰਗ ਰੂਮ ਵੀ ਹੋਣਗੇ।

ਜਦੋਂ 2018 ’ਚ ਇਕ ਪ੍ਰਾਈਵੇਟ ਕੰਪਨੀ ਜਿਸ ਦਾ ਸੇਵਾ-ਸੰਭਾਲ ’ਚ ਬਹੁਤ ਘੱਟ ਤਜਰਬਾ ਸੀ, ਲਾਲ ਕਿਲ੍ਹੇ ਨੂੰ 'ਗੋਦ ਲੈਣ' ਲਈ ਅੱਗੇ ਆਈ। ਇਹ ਦਾਅਵਾ ਕੀਤਾ ਗਿਆ ਕਿ ਇਹ ਪੂਰੇ ਸੱਭਿਆਚਾਰ ਨੂੰ ਬਦਲ ਦੇਵੇਗੀ। ਜਿਸ ਕੰਪਨੀ ਨੂੰ ਠੇਕਾ ਦਿੱਤਾ ਗਿਆ ਸੀ, ਉਸ ਦਾ ਸੰਸਥਾਪਕ ਵਿਸ਼ਵ ਹਿੰਦੂ ਪ੍ਰੀਸ਼ਦ ਦਾ ਸਾਬਕਾ ਪ੍ਰਧਾਨ ਸੀ।  ਮਾਰਚ 2024 ’ਚ ਭਾਰਤੀ ਪੁਰਾਤੱਤਵ ਸਰਵੇਖਣ (ਏ. ਐੱਸ. ਆਈ.) ਵੱਲੋਂ ਇਕ ਗਰੁੱਪ ਨੂੰ ਨਾ ਸਿਰਫ਼ ਹੁਮਾਯੂੰ ਦੇ ਮਕਬਰੇ ਦਾ ਸਗੋਂ ਪੁਰਾਣਾ ਕਿਲਾ, ਸਫਦਰਜੰਗ ਮਕਬਰਾ ਅਤੇ ਮਹਿਰੌਲੀ ਦੇ ਪੁਰਾਤੱਤਵ ਪਾਰਕ ਦਾ ਵੀ ‘ਠੇਕਾ’ ਦਿੱਤਾ ਗਿਆ ਸੀ।

ਏ.ਐੱਸ.ਆਈ ਨੇ ਕੁਤੁਬ ਮੀਨਾਰ, ਐਲੀਫੈਂਟਾ ਗੁਫਾਵਾਂ ਤੇ ਕੋਨਾਰਕ ਦੇ ਸੂਰਜ ਮੰਦਰ ਸਮੇਤ ਦੇਸ਼ ਭਰ ਦੀਆਂ 66 ਯਾਦਗਾਰਾਂ ਨੂੰ ਕਵਰ ਕਰਨ ਵਾਲੇ ਕਾਰਪੋਰੇਟ ਅਦਾਰਿਆਂ ਨਾਲ 19 ਸਮਝੌਤਿਆਂ 'ਤੇ ਹਸਤਾਖਰ ਕੀਤੇ ਹਨ। ਦਿੱਲੀ ਦੀਆਂ ਸਭ ਤੋਂ ਮਸ਼ਹੂਰ ਯਾਦਗਾਰਾਂ ਨੂੰ ਨਿੱਜੀ ਫਾਊਂਡੇਸ਼ਨਾਂ ਨੂੰ ਸੌਂਪ ਕੇ ਸਰਕਾਰੀ ਪੈਸਾ ਬਚਾਉਣ ਦਾ ਵਿਚਾਰ ਸਭ ਤੋਂ ਪਹਿਲਾਂ ਸੱਭਿਆਚਾਰਕ ਮੰਤਰਾਲਾ ਦੀ ਇਕ ਯੋਜਨਾ ਅਧੀਨ ਲਿਆ ਗਿਆ ਸੀ ਪਰ ਇਨ੍ਹਾਂ ਯਾਦਗਾਰਾਂ ਨੂੰ ਅਮੀਰ ਅਤੇ ਵਧੀਆ ਖਾਣੇ ਵਾਲੇ ਕਲੱਬਾਂ ’ਚ ਬਦਲ ਦਿੱਤਾ ਗਿਆ।


Tanu

Content Editor

Related News