ਪੈਸੇ ਦੇ ਬਦਲੇ ਸਵਾਲ ਪੁੱਛਣ ਦਾ ਮਾਮਲਾ; ਮਹੂਆ ਮੋਇਤਰਾ ਦੇ ਵਕੀਲ ਕੇਸ ’ਚੋਂ ਹਟੇ

Saturday, Oct 21, 2023 - 01:17 PM (IST)

ਪੈਸੇ ਦੇ ਬਦਲੇ ਸਵਾਲ ਪੁੱਛਣ ਦਾ ਮਾਮਲਾ; ਮਹੂਆ ਮੋਇਤਰਾ ਦੇ ਵਕੀਲ ਕੇਸ ’ਚੋਂ ਹਟੇ

ਨਵੀਂ ਦਿੱਲੀ- ਸੰਸਦ ’ਚ ਪੈਸੇ ਲੈ ਕੇ ਸਵਾਲ ਪੁੱਛਣ ਦੇ ਦੋਸ਼ ’ਚ ਘਿਰੀ ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਦੇ ਵਕੀਲ ਗੋਪਾਲ ਸ਼ੰਕਰਨਾਰਾਇਣਨ ਮਾਮਲੇ ਦੀ ਸੁਣਵਾਈ ਤੋਂ ਹਟ ਗਏ ਹਨ। ਮਹੂਆ ਨੇ ਭਾਜਪਾ ਦੇ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਅਤੇ ਸੁਪਰੀਮ ਕੋਰਟ ਦੇ ਵਕੀਲ ਜੈ ਅਨੰਤ ਦੇਹਾਦਰਾਈ ਖਿਲਾਫ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਸੀ, ਜਿਸ ਦੀ ਦਿੱਲੀ ਹਾਈ ਕੋਰਟ ਵਿਚ ਸੁਣਵਾਈ ਹੋਈ।

ਸੁਣਵਾਈ ਦੌਰਾਨ ਹੀ ਵਕੀਲ ਜੈ ਅਨੰਤ ਦੇਹਾਦਰਾਈ ਨੇ ਜੱਜ ਦੇ ਸਾਹਮਣੇ ਕਿਹਾ ਕਿ ਮਹੂਆ ਦੇ ਵਕੀਲ ਗੋਪਾਲ ਸ਼ੰਕਰਨਾਰਾਇਣਨ ਨੇ ਮੈਨੂੰ ਵੀਰਵਾਰ ਰਾਤ ਨੂੰ ਫੋਨ ਕੀਤਾ ਸੀ। ਉਨ੍ਹਾਂ ਨੇ ਮੈਨੂੰ ਪੁੱਛਿਆ ਕਿ ਕੀ ਕੋਈ ਬਾਹਰੀ ਸਮਝੌਤਾ ਹੋ ਸਕਦਾ ਹੈ? ਇਸ ’ਤੇ ਜਸਟਿਸ ਸਚਿਨ ਦੱਤਾ ਨੇ ਕਿਹਾ ਕਿ ਉਹ ਹੈਰਾਨ ਹਨ ਕਿ ਵਕੀਲ ਸ਼ੰਕਰਨਾਰਾਇਣਨ ਵਿਚੋਲੇ ਹਨ ਜਾਂ ਵਕੀਲ। ਕੀ ਉਹ ਅਜੇ ਵੀ ਇਸ ਕੇਸ ਵਿਚ ਪੇਸ਼ ਹੋਣ ਦੇ ਯੋਗ ਹਨ? ਇਸ ਤੋਂ ਬਾਅਦ ਸ਼ੰਕਰਨਾਰਾਇਣਨ ਨੇ ਖੁਦ ਨੂੰ ਇਸ ਮਾਮਲੇ ਤੋਂ ਦੂਰ ਕਰ ਲਿਆ।

ਮੈਨੂੰ ਲੋਕ ਸਭਾ ਤੋਂ ਬਾਹਰ ਕਰਨ ਦੀ ਸਾਜ਼ਿਸ਼ ਰਚ ਰਹੀ ਭਾਜਪਾ : ਮਹੂਆ ਮੋਇਤਰਾ
ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.) ਦੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜੇਕਰ ਉਸ ਨੂੰ ਇਕ ਉੱਘੇ ਕਾਰੋਬਾਰੀ ਤੋਂ ਪੈਸੇ ਲੈਣ ਦੇ ਦੋਸ਼ਾਂ ਸਬੰਧੀ ਤਲਬ ਕੀਤਾ ਜਾਂਦਾ ਹੈ ਤਾਂ ਉਹ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਅਤੇ ਸੰਸਦ ਦੀ ਨੈਤਿਕਤਾ ਕਮੇਟੀ ਦੇ ਸਵਾਲਾਂ ਦੇ ਜਵਾਬ ਦੇਣ ਲਈ ਤਿਆਰ ਹਨ। ਉਨ੍ਹਾਂ ਨੇ ਇਸ ਨੂੰ ਭਾਜਪਾ ਦੀ ਸਾਜ਼ਿਸ਼ ਕਰਾਰ ਦਿੱਤਾ ਹੈ। ਇਸ ਦੌਰਾਨ ਹੁਣ ਮਹੂਆ ਨੇ ਭਾਜਪਾ ’ਤੇ ਨਵਾਂ ਇਲਜ਼ਾਮ ਲਗਾਉਂਦੇ ਹੋਏ ਕਿਹਾ ਹੈ ਕਿ ਇਹ ਸਾਰਾ ਏਜੰਡਾ ਉਨ੍ਹਾਂ ਨੂੰ ਲੋਕ ਸਭਾ ਤੋਂ ਬਾਹਰ ਕਰਨ ਲਈ ਰਚਿਆ ਗਿਆ ਹੈ।


author

Tanu

Content Editor

Related News