ਰਾਜ ਸਭਾ ਚੋਣਾਂ : ਸ਼ਿਵ ਸੈਨਾ ਨੇ ਫਾਈਵ ਸਟਾਰ ਹੋਟਲ ’ਚ ਸ਼ਿਫਟ ਕੀਤੇ ਵਿਧਾਇਕ

06/08/2022 11:57:31 AM

ਮੁੰਬਈ/ਜੈਪੁਰ– ਮਹਾਰਾਸ਼ਟਰ ’ਚ ਸੱਤਾਧਾਰੀ ਸ਼ਿਵ ਸੈਨਾ ਨੇ 10 ਜੂਨ ਨੂੰ ਹੋਣ ਵਾਲੀਆਂ ਰਾਜ ਸਭਾ ਚੋਣਾਂ ਤੋਂ ਪਹਿਲਾਂ ਆਪਣੇ ਵਿਧਾਇਕਾਂ ਨੂੰ ਉਪਨਗਰੀ ਮਲਾਡ ਦੇ ਇਕ ਰਿਜ਼ੋਰਟ ਤੋਂ ਦੱਖਣੀ ਮੁੰਬਈ ਦੇ ਇਕ ਪੰਜ ਤਾਰਾ ਹੋਟਲ ’ਚ ਸ਼ਿਫਟ ਕਰਨ ਦਾ ਫੈਸਲਾ ਕੀਤਾ ਹੈ।

ਪਾਰਟੀ ਦੇ ਇਕ ਸੀਨੀਅਰ ਨੇਤਾ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸ਼ਿਵ ਸੈਨਾ ਦੇ ਸਾਰੇ ਵਿਧਾਇਕਾਂ ਨੂੰ ਮੁੰਬਈ ਤਲਬ ਕੀਤਾ ਗਿਆ ਹੈ ਅਤੇ ਉਹ 10 ਜੂਨ ਨੂੰ ਰਾਜ ਸਭਾ ਚੋਣਾਂ ਹੋਣ ਤੱਕ ਇਕੱਠੇ ਰਹਿਣਗੇ। ਸ਼ਿਵ ਸੈਨਾ ਦੇ ਵਿਧਾਇਕ ਅਤੇ ਬੁਲਾਰੇ ਸੁਨੀਲ ਪ੍ਰਭੂ ਨੇ ਕਿਹਾ, ‘ਅਸੀਂ ‘ਦਿ ਰਿਟਰੀਟ’ (ਉੱਤਰ-ਪੱਛਮੀ ਮੁੰਬਈ ਵਿਚ ਮਡ ਆਈਲੈਂਡ ਰਿਜ਼ੋਰਟ) ਵਿਚ ਸੀ ਅਤੇ ਸਾਡੇ ਸਾਰੇ ਮੰਤਰੀ ਵੀ ਉੱਥੇ ਮੌਜੂਦ ਸਨ। ਇਹ ਸਾਡੀ ਚੋਣ ਰਣਨੀਤੀ ਦਾ ਹਿੱਸਾ ਸੀ। ਅਸੀਂ ਅੱਜ ‘ਦਿ ਟ੍ਰਾਈਡੈਂਟ’ ਹੋਟਲ (ਦੱਖਣੀ ਮੁੰਬਈ ਵਿਚ) ਜਾਵਾਂਗੇ।’ 288 ਮੈਂਬਰੀ ਸਦਨ ਵਿਚ ਸ਼ਿਵ ਸੈਨਾ ਦੇ 55 ਵਿਧਾਇਕ ਹਨ। ਪਾਰਟੀ ਦੇ ਇਕ ਵਿਧਾਇਕ ਦੀ ਪਿਛਲੇ ਮਹੀਨੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।

ਦੂਜੇ ਪਾਸੇ ਰਾਜਸਥਾਨ ’ਚ 10 ਜੂਨ ਨੂੰ ਚਾਰ ਰਾਜ ਸਭਾ ਸੀਟਾਂ ਲਈ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਸੱਤਾਧਾਰੀ ਕਾਂਗਰਸ ਤੇ ਵਿਰੋਧੀ ਧਿਰ ਭਾਜਪਾ ਦੇ ਵਿਧਾਇਕਾਂ ਦੀ ਵਾੜਬੰਦੀ ਦਰਮਿਆਨ ਰਾਸ਼ਟਰੀ ਲੋਕਤੰਤਰਿਕ ਪਾਰਟੀ (ਰੋਲਪਾ) ਨੇ ਆਜ਼ਾਦ ਉਮੀਦਵਾਰ ਸੁਭਾਸ਼ ਚੰਦਰ ਨੂੰ ਵੋਟ ਦੇਣ ਦਾ ਐਲਾਨ ਕੀਤਾ ਹੈ।

ਰਲੋਪਾ ਦੇ ਕਨਵੀਨਰ ਹਨੂੰਮਾਨ ਬੈਨੀਵਾਲ ਨੇ ਕਿਹਾ ਕਿ ਰਲੋਪਾ ਦੇ ਤਿੰਨੇ ਵਿਧਾਇਕ ਆਜ਼ਾਦ ਉਮੀਦਵਾਰ ਚੰਦਰਾ ਦੇ ਸਮਰਥਨ ’ਚ ਵੋਟ ਦੇਣਗੇ।

ਇਸੇ ਦਰਮਿਆਨ ਰਾਜਸਥਾਨ ਵਿਧਾਨ ਸਭਾ ’ਚ ਸਰਕਾਰੀ ਚੀਫ਼ ਵ੍ਹਿਪ ਮਹੇਸ਼ ਜੋਸ਼ੀ ਨੇ ਰਾਜ ਸਭਾ ’ਚ ਵਿਧਾਇਕਾਂ ਦੀ ਖਰੀਦੋ-ਫਰੋਖਤ (ਹਾਰਸ ਟ੍ਰੇਡਿੰਗ) ਦਾ ਖਦਸ਼ਾ ਪ੍ਰਗਟਾਉਂਦੇ ਹੋਏ ਮੰਗਲਵਾਰ ਨੂੰ ਇੱਥੇ ਸੂਬੇ ਦੇ ਮੁੱਖ ਚੋਣ ਅਧਿਕਾਰੀ ਨੂੰ ਇੱਕ ਪੱਤਰ ਸੌਂਪਿਆ।

ਜੋਸ਼ੀ ਨੇ ਇੱਥੇ ਮੁੱਖ ਚੋਣ ਅਧਿਕਾਰੀ ਪ੍ਰਵੀਨ ਗੁਪਤਾ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਪੱਤਰ ਸੌਂਪਿਆ। ਇਸ ’ਚ ਉਨ੍ਹਾਂ ਨੇ ਕਮਿਸ਼ਨ ਨੂੰ ਰਾਜ ਸਭਾ ਚੋਣਾਂ ਵਿਚ ਖਰੀਦੋ-ਫਰੋਖਤ ਦੀ ਕਿਸੇ ਵੀ ਸੰਭਾਵਨਾ ਨੂੰ ਖਤਮ ਕਰਨ ਦੀ ਅਪੀਲ ਕੀਤੀ ਹੈ।


Rakesh

Content Editor

Related News