ਦੋਵੇਂ ਕੋਰੋਨਾ ਖ਼ੁਰਾਕਾਂ ਲੈਣ ਦੇ ਬਾਵਜੂਦ 18 MBBS ਵਿਦਿਆਰਥਣਾਂ ਕੋਰੋਨਾ ਪਾਜ਼ੇਟਿਵ
Tuesday, Dec 28, 2021 - 05:44 PM (IST)
ਪੁਣੇ (ਭਾਸ਼ਾ)— ਮਹਾਰਾਸ਼ਟਰ ਦੇ ਸਾਂਗਲੀ ਜ਼ਿਲ੍ਹੇ ਦੇ ਮਿਰਾਜ਼ ਵਿਚ ਸਰਕਾਰੀ ਮੈਡੀਕਲ ਕਾਲਜ ਦੀਆਂ 18 ਐੱਮ. ਬੀ. ਬੀ. ਐੱਸ. ਵਿਦਿਆਰਥਣਾਂ ਦੀ ਜਾਂਚ ’ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਇਕ ਸੀਨੀਅਰ ਅਧਿਕਾਰੀ ਨੇ ਮੰਗਲਵਾਰ ਨੂੰ ਇਸ ਬਾਬਤ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਪੀੜਤ ਵਿਦਿਆਰਥਣਾਂ ਨੂੰ ਟੀਕੇ ਦੀਆਂ ਦੋਵੇਂ ਖ਼ੁਰਾਕਾਂ ਲੱਗ ਚੁੱਕੀਆਂ ਹਨ। ਕਾਲਜ ਦੇ ਡੀਨ ਡਾ. ਸੁਧੀਰ ਨਾਨੰਦਕਰ ਨੇ ਕਿਹਾ ਕਿ ਸਾਰੇ ਵਿਦਿਆਰਥੀਆਂ ਵਿਚ ਲੱਛਣ ਨਹੀਂ ਹਨ ਅਤੇ ਉਨ੍ਹਾਂ ਦੀ ਹਾਲਤ ਸਥਿਰ ਹੈ।
ਸਾਵਧਾਨੀ ਦੇ ਤੌਰ ’ਤੇ ਉਨ੍ਹਾਂ ਨੂੰ ਕਾਲਜ ਨਾਲ ਜੁੜੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹੌਸਟਲ ਦੇ ਇਕ ਹਿੱਸੇ ਵਿਚ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ, ਕਿਉਂਕਿ ਵਿਦਿਆਰਥੀ ਭੋਜਨ ਕਰਨ ਲਈ ‘ਮੇਸ’ ’ਚ ਇਕੱਠੇ ਹੁੰਦੇ ਹਨ। ਡਾ. ਨਾਨੰਦਕਰ ਨੇ ਕਿਹਾ ਕਿ ਕੁੱਲ 45 ਵਿਦਿਆਰਥੀਆਂ ਦੀ ਆਰ. ਟੀ-ਪੀ. ਸੀ. ਆਰ. ਜਾਂਚ ਕਰਵਾਈ ਗਈ ਸੀ ਅਤੇ ਹੁਣ ਤੱਕ 18 ’ਚ ਵਾਇਰਸ ਦੀ ਪੁਸ਼ਟੀ ਹੋਈ ਹੈ। ਹੋਰਨਾਂ ਦੀ ਰਿਪੋਰਟ ਆਉਣਾ ਅਜੇ ਬਾਕੀ ਹੈ।
ਦੱਸਣਯੋਗ ਹੈ ਕਿ ਭਾਰਤ ਵਿਚ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕਰੋਨ ਦਾ ਖ਼ਤਰਾ ਵੱਧਦਾ ਜਾ ਰਿਹਾ ਹੈ। ਭਾਰਤ ਦੇ 21 ਸੂਬਿਆਂ ’ਚ ਓਮੀਕਰੋਨ ਫੈਲ ਚੁੱਕਾ ਹੈ ਅਤੇ ਇਸ ਦੇ ਹੁਣ ਤੱਕ 653 ਮਾਮਲੇ ਸਾਹਮਣੇ ਆ ਚੁੱਕੇ ਹਨ।