ਲੋਨਾਰ ਝੀਲ ਦਾ ਪਾਣੀ ਹੋਇਆ ਗੁਲਾਬੀ, ਮਾਹਰ ਹੈਰਾਨ

06/11/2020 12:39:20 PM

ਔਰੰਗਾਬਾਦ- ਮਹਾਰਾਸ਼ਟਰ ਦੀ ਲੋਨਾਰ ਝੀਲ ਦੇ ਪਾਣੀ ਦਾ ਰੰਗ ਬਦਲ ਕੇ ਗੁਲਾਬੀ ਹੋ ਗਿਆ ਹੈ। ਮਾਹਰ ਇਸ ਦਾ ਕਾਰਨ ਖਾਰ ਅਤੇ ਸਰੋਵਰ 'ਚ ਕਾਈ (ਐਲਗੀ) ਦੀ ਮੌਜੂਦਗੀ ਨੂੰ ਮੰਨ ਰਹੇ ਹਨ। ਲੋਨਾਰ ਝੀਲ ਮੁੰਬਈ ਤੋਂ 500 ਕਿਲੋਮੀਟਰ ਦੂਰ ਬੁਲਢਾਣਾ ਜ਼ਿਲ੍ਹੇ 'ਚ ਹੈ। ਇਹ ਸੈਲਾਨੀਆਂ ਦਰਮਿਆ ਬੇਹੱਦ ਲੋਕਪ੍ਰਿਯ ਹੈ। ਮੰਨਿਆ ਜਾਂਦਾ ਹੈ ਕਿ ਇਸ ਝੀਲ ਦਾ ਨਿਰਮਾਣ ਕਰੀਬ 50 ਹਜ਼ਾਰ ਸਾਲ ਪਹਿਲਾਂ ਧਰਤੀ ਨਾਲ ਉਲਕਾ ਪਿੰਡ ਟਕਰਾਉਣ ਨਾਲ ਹੋਇਆ ਸੀ। ਦੁਨੀਆ ਭਰ ਦੇ ਵਿਗਿਆਨੀਆਂ ਦੀ ਵੀ ਇਸ ਝੀਲ 'ਚ ਬਹੁਤ ਦਿਲਚਸਪੀ ਹੈ। ਕਰੀਬ 1.2 ਕਿਲੋਮੀਟਰ ਦੇ ਵਿਆਸ ਵਾਲੀ ਝੀਲ ਦੇ ਪਾਣੀ ਦੀ ਰੰਗਤ ਬਦਲਣ ਨਾਲ ਸਥਾਨਕ ਲੋਕਾਂ ਦੇ ਨਾਲ-ਨਾਲ ਕੁਦਰਤਵਾਦੀ ਅਤੇ ਵਿਗਿਆਨੀ ਵੀ ਹੈਰਾਨ ਹਨ।

ਮਾਹਰਾਂ ਦਾ ਕਹਿਣਾ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਝੀਲ ਦੇ ਪਾਣੀ ਦਾ ਰੰਗ ਬਦਲਿਆ ਹੈ ਪਰ ਇਸ ਵਾਰ ਇਹ ਇਕਦਮ ਸਾਫ਼ ਨਜ਼ਰ ਆ ਰਿਹਾ ਹੈ। ਲੋਨਾਰ ਝੀਲ ਸੁਰੱਖਿਆ ਅਤੇ ਵਿਕਾਸ ਕਮੇਟੀ ਦੇ ਮੈਂਬਰ ਗਜਾਨਨ ਖਰਾਟ ਨੇ ਦੱਸਿਆ ਕਿ ਇਹ ਝੀਲ ਨੋਟੀਫਾਈਡ ਰਾਸ਼ਟਰੀ ਭੂਗੋਲਿਕ ਵਿਰਾਸਤ ਸਮਾਰਕ ਹੈ। ਇਸ ਦਾ ਪਾਣੀ ਖਾਰਾ ਹੈ ਅਤੇ ਇਸ ਦਾ ਪੀਐੱਚ ਪੱਧਰ 10.5 ਹੈ। ਉਨ੍ਹਾਂ ਕਿਹਾ,''ਸਰੋਵਰ 'ਚ ਕਾਈ ਹੈ। ਪਾਣੀ ਦਾ ਰੰਗ ਬਦਲਣ ਦਾ ਕਾਰਨ ਖਾਰ ਅਤੇ ਕਾਈ ਹੋ ਸਕਦੇ ਹਨ।'' ਖਰਾਟ ਨੇ ਦੱਸਿਆ,''ਪਾਣੀ ਦੀ ਸਤਹ ਤੋਂ ਇਕ ਮੀਟਰ ਹੇਠਾਂ ਆਕਸੀਜਨ ਨਹੀਂ ਹੈ। ਈਰਾਨ ਦੀ ਇਕ ਝੀਲ ਦਾ ਪਾਣੀ ਵੀ ਖਾਰ ਕਾਰਨ ਲਾਲ ਰੰਗ ਦਾ ਹੋ ਗਿਆ ਸੀ।'' ਉਨ੍ਹਾਂ ਦੱਸਿਆ ਕਿ ਲੋਨਾਰ ਝੀਲ 'ਚ ਪਾਣੀ ਦਾ ਪੱਧਰ ਹਾਲੇ ਘੱਟ ਹੈ, ਕਿਉਂਕਿ ਬਾਰਸ਼ ਨਾ ਹੋਣ ਨਾਲ ਇਸ 'ਚ ਤਾਜ਼ਾ ਪਾਣੀ ਨਹੀਂ ਭਰਿਆ ਹੈ।


DIsha

Content Editor

Related News