ਮਾਲ ਗੱਡੀ ਨਾਲ ਟਕਰਾਈ ਯਾਤਰੀ ਟਰੇਨ, 50 ਯਾਤਰੀ ਜ਼ਖਮੀ, 13 ਦੀ ਹਾਲਤ ਗੰਭੀਰ
Wednesday, Aug 17, 2022 - 10:30 AM (IST)
ਨਾਗਪੁਰ– ਮਹਾਰਾਸ਼ਟਰ ਦੇ ਗੋਂਦੀਆ ਸ਼ਹਿਰ ਨੇੜੇ ਰਾਏਪੁਰ ਤੋਂ ਨਾਗਪੁਰ ਜਾ ਰਹੀ ਇਕ ਯਾਤਰੀ ਟਰੇਨ ਦੀ ਮਾਲ ਗੱਡੀ ਨਾਲ ਟੱਕਰ ਹੋ ਗਈ। ਇਸ ਹਾਦਸੇ ’ਚ ਟਰੇਨ ਦੀਆਂ 4 ਬੋਗੀਆਂ ਪਟੜੀ ਤੋਂ ਉਤਰ ਗਈਆਂ। ਇਸ ਟਰੇਨ ਹਾਦਸੇ ’ਚ 50 ਯਾਤਰੀ ਜ਼ਖਮੀ ਹੋ ਗਏ। ਜਾਣਕਾਰੀ ਮੁਤਬਾਕ 13 ਯਾਤਰੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਹ ਹਾਦਸਾ ਦੇਰ ਰਾਤ ਕਰੀਬ ਢਾਈ ਵਜੇ ਵਾਪਰਿਆ।
ਮਿਲੀ ਸੂਚਨਾ ਮੁਤਾਬਕ ਯਾਤਰੀ ਟਰੇਨ ਭਗਤ ਦੀ ਕੋਠੀ ਰਾਏਪੁਰ ਤੋਂ ਨਾਗਪੁਰ ਵੱਲ ਜਾ ਰਹੀ ਸੀ। ਉਸ ਦੌਰਾਨ ਮਾਲ ਗੱਡੀ ਅਤੇ ਯਾਤਰੀ ਟਰੇਨ ਆਹਮਣੇ-ਸਾਹਮਣੇ ਆ ਗਈਆਂ। ਦੋਵੇਂ ਟਰੇਨਾਂ ਇਕ ਹੀ ਦਿਸ਼ਾ ਯਾਨੀ ਕਿ ਨਾਗਪੁਰ ਵੱਲ ਜਾ ਰਹੀਆਂ ਸਨ। ਇਸ ਹਾਦਸੇ ’ਚ 4 ਡੱਬੇ ਪਟੜੀ ਤੋਂ ਉਤਰ ਗਏ। ਹਾਦਸੇ ’ਚ ਕਿਸੇ ਦੀ ਜਾਨ ਨਹੀਂ ਗਈ। ਜ਼ਖਮੀਆਂ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ਅਤੇ ਇਕ ਪ੍ਰਾਈਵੇਟ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।
ਭਗਤ ਦੀ ਕੋਠੀ ਟਰੇਨ ਗਰੀਨ ਸਿਗਨਲ ਮਿਲਣ ਮਗਰੋਂ ਅੱਗੇ ਜਾ ਰਹੀ ਸੀ ਪਰ ਗੋਂਦੀਆ ਸ਼ਹਿਰ ਤੋਂ ਪਹਿਲਾਂ ਮਾਲ ਗੱਡੀ ਨੂੰ ਸਿਗਨਲ ਨਹੀਂ ਮਿਲਿਆ ਸੀ ਅਤੇ ਉਹ ਪਟੜੀ ’ਤੇ ਖੜ੍ਹੀ ਸੀ। ਇਸ ਦੀ ਵਜ੍ਹਾ ਕਰ ਕੇ ਭਗਤ ਦੀ ਕੋਠੀ ਟਰੇਨ ਉਸ ਨਾਲ ਟਕਰਾ ਗਈ ਅਤੇ ਇਹ ਹਾਦਸਾ ਵਾਪਰ ਗਿਆ।