CM ਏਕਨਾਥ ਸ਼ਿੰਦੇ ਦੇ ਪੁੱਤਰ ਨੇ ਤੋੜਿਆ ਮਹਾਕਾਲ ਮੰਦਰ ਦਾ ਨਿਯਮ

Friday, Oct 18, 2024 - 06:40 PM (IST)

CM ਏਕਨਾਥ ਸ਼ਿੰਦੇ ਦੇ ਪੁੱਤਰ ਨੇ ਤੋੜਿਆ ਮਹਾਕਾਲ ਮੰਦਰ ਦਾ ਨਿਯਮ

ਨੈਸ਼ਨਲ ਡੈਸਕ- ਉਜੈਨ ਦੇ ਮਹਾਕਾਲ ਮੰਦਰ 'ਚ ਨਿਯਮਾਂ ਦੀ ਉਲੰਘਣਾਂ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੇ ਪੁੱਤਰ ਅਤੇ ਸਾਂਸਦ ਸ਼੍ਰੀਕਾਂਤ ਸ਼ਿੰਦੇ ਨੇ ਆਪਣੀ ਪਤਨੀ ਅਤੇ ਕੁਝ ਹੋਰ ਲੋਕਾਂ ਦੇ ਨਾਲ ਮੰਦਰ ਦੇ ਗਰਭਗ੍ਰਹਿ 'ਚ ਪ੍ਰਵੇਸ਼ ਕੀਤਾ, ਜੋ ਪਿਛਲੇ ਇਕ ਸਾਲ ਤੋਂ ਆਮ ਭਗਤਾਂ ਲਈ ਬੈਨ ਹੈ। ਇਹ ਘਟਨਾ ਵੀਰਵਾਰ ਸ਼ਾਮ ਦੀ ਹੈ, ਜਦੋਂ ਸ਼੍ਰੀਕਾਂਤ ਸ਼ਿੰਦੇ ਅਤੇ ਉਨ੍ਹਾਂ ਦਾ ਪਰਿਵਾਰ ਸ਼ਿਵਸਿੰਗ ਦੇ ਕੋਲ ਬੈਠ ਕੇ ਪੂਜਾ ਕਰਦੇ ਹੋਏ ਦੇਖਿਆ ਗਿਆ। 

ਕਾਂਗਰਸ ਨੇ ਇਸ ਮਾਮਲੇ 'ਤੇ ਤਿੱਖਾ ਹਮਲਾ ਕੀਤਾ ਅਤੇ ਦੋਸ਼ ਲਾਇਆ ਕਿ ਸੱਤਾ ਦੇ ਨਸ਼ੇ 'ਚ ਭਾਜਪਾ ਨੇਤਾ ਖੁੱਲ੍ਹੇਆਮ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ। ਕਾਂਗਰਸੀ ਵਿਧਾਇਕ ਮਹੇਸ਼ ਪਰਮਾਰ ਨੇ ਕਿਹਾ ਕਿ ਆਮ ਸ਼ਰਧਾਲੂਆਂ ਨੂੰ ਦੂਰੋਂ ਹੀ ਦਰਸ਼ਨ ਕਰਨੇ ਪੈਂਦੇ ਹਨ, ਜਦੋਂ ਕਿ ਵੀ.ਆਈ.ਪੀ. ਬਿਨਾਂ ਇਜਾਜ਼ਤ ਦੇ ਪਾਵਨ ਅਸਥਾਨ 'ਚ ਦਾਖ਼ਲ ਹੋ ਰਹੇ ਹਨ। ਇਹ ਨਾ ਸਿਰਫ਼ ਨਿਯਮਾਂ ਦੀ ਉਲੰਘਣਾ ਹੈ, ਸਗੋਂ ਮੰਦਰ ਦੇ ਪ੍ਰਬੰਧਾਂ ਦੀ ਭਰੋਸੇਯੋਗਤਾ 'ਤੇ ਵੀ ਸਵਾਲ ਖੜ੍ਹੇ ਕਰਦਾ ਹੈ।

ਸ਼ਿਵਲਿੰਗ ਦੀ ਸੁਰੱਖਿਆ ਅਤੇ ਸ਼ਰਧਾਲੂਆਂ ਦੀ ਭੀੜ ਨੂੰ ਕੰਟਰੋਲ ਕਰਨ ਦੇ ਮਕਸਦ ਨਾਲ ਮਹਾਕਾਲ ਮੰਦਰ ਦੇ ਪਾਵਨ ਅਸਥਾਨ 'ਚ ਪ੍ਰਵੇਸ਼ ਦਾ ਨਿਯਮ ਲਾਗੂ ਕੀਤਾ ਗਿਆ ਹੈ। ਸਿਰਫ਼ ਪੁਜਾਰੀਆਂ, ਅਖਾੜੇ ਦੇ ਸੰਤ ਮਹੰਤਾਂ ਅਤੇ ਕੁਝ ਚੁਣੇ ਹੋਏ ਮੰਤਰੀਆਂ ਨੂੰ ਹੀ ਗਰਭਗ੍ਰਹਿ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਦਿੱਤੀ ਗਈ ਹੈ ਪਰ ਵੀ.ਆਈ.ਪੀਜ਼ ਵੱਲੋਂ ਇਸ ਨਿਯਮ ਦੀ ਵਾਰ-ਵਾਰ ਉਲੰਘਣਾ ਕੀਤੀ ਜਾ ਰਹੀ ਹੈ, ਜਿਸ ਕਾਰਨ ਮੰਦਰ ਪ੍ਰਸ਼ਾਸਨ ਦੀ ਨਾਕਾਮੀ 'ਤੇ ਸਵਾਲ ਖੜ੍ਹੇ ਹੋ ਰਹੇ ਹਨ।

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਮੰਦਰ ਦੇ ਨਿਯਮਾਂ ਨੂੰ ਤੋੜਿਆ ਗਿਆ ਹੋਵੇ। ਪਿਛਲੇ ਚਾਰ ਮਹੀਨਿਆਂ ਵਿੱਚ ਇਹ ਚੌਥੀ ਵਾਰ ਹੈ ਕਿ ਜਦੋਂ ਕੋਈ ਵੀ.ਆਈ.ਪੀ. ਨੇ ਗਰਭਗ੍ਰਹਿ ਵਿੱਚ ਪ੍ਰਵੇਸ਼ ਕੀਤਾ। ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਘਟਨਾਵਾਂ 'ਤੇ ਅਜੇ ਤੱਕ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਗਈ। ਜ਼ਿਲ੍ਹਾ ਕੁਲੈਕਟਰ, ਜੋ ਕਿ ਮੰਦਰ ਕਮੇਟੀ ਦੇ ਚੇਅਰਮੈਨ ਵੀ ਹਨ, ਹਰ ਵਾਰ ਇਹ ਕਹਿ ਕੇ ਮਾਮਲੇ ਨੂੰ ਟਾਲ ਦਿੰਦੇ ਹਨ ਕਿ ਮੰਦਰ ਪ੍ਰਬੰਧਕ ਇਸ ਮਾਮਲੇ ਨੂੰ ਦੇਖ ਰਹੇ ਹਨ।

ਕਾਂਗਰਸ ਨੇ ਭਾਜਪਾ ਨੇ ਵਿੰਨ੍ਹਿਆ ਨਿਸ਼ਾਨਾ, ਕੀਤੀ ਜਾਂਚ ਦੀ ਮੰਗ

ਮਹਾਕਾਲ ਮੰਦਰ 'ਚ ਲੱਗੇ ਕੈਮਰੇ ਵੀ ਇਸ ਤਰੀਕੇ ਨਾਲ ਲਗਾਏ ਗਏ ਹਨ ਕਿ ਗਰਭਗ੍ਰਹਿ 'ਚ ਆਉਣ ਵਾਲੇ ਵਿਅਕਤੀ ਦੀ ਪਛਾਣ ਕਰਨੀ ਮੁਸ਼ਕਿਲ ਹੋ ਜਾਂਦੀ ਹੈ। ਇਸ ਨੂੰ ਲੈ ਕੇ ਇਹ ਵੀ ਸਵਾਲ ਉਠਾਏ ਜਾ ਰਹੇ ਹਨ ਕਿ ਅਜਿਹਾ ਕਿਸ ਦੇ ਕਹਿਣ 'ਤੇ ਕੀਤਾ ਗਿਆ ਹੈ। ਇਸ ਨੂੰ ਵੱਡੀ ਲਾਪਰਵਾਹੀ ਦੱਸਦਿਆਂ ਕਾਂਗਰਸ ਨੇ ਪ੍ਰਸ਼ਾਸਨ ਤੋਂ ਪਾਰਦਰਸ਼ਤਾ ਦੀ ਮੰਗ ਕੀਤੀ ਹੈ।


author

Rakesh

Content Editor

Related News