ਮਹਾਰਾਸ਼ਟਰ ਦੇ CM ਸ਼ਿੰਦੇ ਦਾ ਦਾਅਵਾ : PM ਮੋਦੀ ਦੀ 2024 ’ਚ ਜਿੱਤ ਯਕੀਨੀ

Sunday, Jul 16, 2023 - 04:36 PM (IST)

ਮਹਾਰਾਸ਼ਟਰ ਦੇ CM ਸ਼ਿੰਦੇ ਦਾ ਦਾਅਵਾ : PM ਮੋਦੀ ਦੀ 2024 ’ਚ ਜਿੱਤ ਯਕੀਨੀ

ਨਾਸਿਕ (ਭਾਸ਼ਾ)- ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਦਾਅਵਾ ਕੀਤਾ ਹੈ ਕਿ 2024 ਦੀਆਂ ਆਮ ਚੋਣਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਿੱਤ ਯਕੀਨੀ ਹੈ ਕਿਉਂਕਿ ਵਿਰੋਧੀ ਧਿਰ ਤਾਂ ਅਜੇ ਤੱਕ ਆਪਣੇ ਨੇਤਾ ਦਾ ਫੈਸਲਾ ਕਰਨ ਵਿੱਚ ਹੀ ਅਸਫਲ ਰਹੀ ਹੈ। ‘ਸ਼ਾਸਨ ਆਪਲਯਾ ਦਾਰੀ’ (ਸਰਕਾਰ ਤੁਹਾਡੇ ਦੁਆਰ) ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਸ਼ਿੰਦੇ ਨੇ ਕਿਹਾ ਕਿ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ.ਸੀ.ਪੀ.) ਦੇ ਆਗੂ ਅਜੀਤ ਪਵਾਰ ਦੇ ਸ਼ਿਵ ਸੈਨਾ-ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ ਵਿਚ ਸ਼ਾਮਲ ਹੋਣ ਨਾਲ ਰਾਜ ਸਰਕਾਰ ਦੇ ਕੰਮਕਾਜ ਵਿੱਚ ਤੇਜ਼ੀ ਆਵੇਗੀ। ਸਾਡੇ ਕੋਲ ਮਹਾਰਾਸ਼ਟਰ ਵਿਚ 200 ਵਿਧਾਇਕ ਅਤੇ ਸੰਸਦ ਮੈਂਬਰ ਹਨ। ਕੋਈ ਵਿਤਕਰਾ ਨਹੀਂ ਹੋਵੇਗਾ। ਕਿਸੇ ਨਾਲ ਵੀ ਬੇਇਨਸਾਫ਼ੀ ਨਹੀਂ ਹੋਣ ਦਿੱਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਦੇ ਆਗੂ ਅਗਲੀਆਂ ਲੋਕ ਸਭਾ ਚੋਣਾਂ ਵਿੱਚ ਮੋਦੀ ਨੂੰ ਹਰਾਉਣ ਲਈ ਇਕਜੁੱਟ ਹੋਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਆਪਣੇ ਕਿਸੇ ਆਗੂ ਬਾਰੇ ਫ਼ੈਸਲਾ ਨਹੀਂ ਕਰ ਸਕੇ। ਇਸ ਨਾਲ ਪ੍ਰਧਾਨ ਮੰਤਰੀ ਮੋਦੀ ਦੀ ਜਿੱਤ ਯਕੀਨੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਜਿੱਥੇ ਵੀ ਜਾਂਦੇ ਹਨ, ਉਨ੍ਹਾਂ ਦੀ ਤਾਰੀਫ਼ ਹੁੰਦੀ ਹੈ। ਮੋਦੀ ਨੂੰ ਅਮਰੀਕੀ ਕਾਂਗਰਸ (ਸੰਸਦ) ਨੂੰ ਦੋ ਵਾਰ ਸੰਬੋਧਿਤ ਕਰਨ ਦਾ ਮੌਕਾ ਮਿਲਿਆ । ਹੁਣ ਫਰਾਂਸ ਨੇ ਉਨ੍ਹਾਂ ਨੂੰ ਆਪਣੇ ਉੱਚ ਸਨਮਾਨ ਨਾਲ ਸਨਮਾਨਿਤ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਮੁੰਬਈ ਮੈਟਰੋ ਪ੍ਰੋਜੈਕਟ ਅਤੇ ਮੁੰਬਈ-ਨਾਗਪੁਰ ਸਮ੍ਰਿਧੀ ਮਹਾਮਾਰਗ ਯੋਜਨਾ ਪਹਿਲਾਂ ਤੋਂ ਹੀ ਰੁਕੀ ਹੋਈ ਸੀ ਪਰ ਉਨ੍ਹਾਂ ਦੀ ਸਰਕਾਰ ਨੇ ਰੋਕਾਂ ਨੂੰ ਹਟਾ ਦਿੱਤਾ ਹੈ।


author

DIsha

Content Editor

Related News