ਕਾਰ ''ਚ ਹੈਂਡ ਸੈਨੀਟਾਈਜ਼ਰ ਕਾਰਨ ਭੜਕੀ ਅੱਗ, NCP ਨੇਤਾ ਸੰਜੇ ਸ਼ਿੰਦੇ ਜਿਊਂਦੇ ਸੜੇ

10/15/2020 12:57:26 PM

ਮੁੰਬਈ- ਮਹਾਰਾਸ਼ਟਰ 'ਚ ਇਕ ਦਰਦਨਾਕ ਹਾਦਸਾ ਵਾਪਰਿਆ ਹੈ। ਇੱਥੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ.ਸੀ.ਪੀ.) ਦੇ ਨੇਤਾ ਸੰਜੇ ਸ਼ਿੰਦੇ ਦੀ ਕਾਰ 'ਚ ਅੱਗ ਲੱਗਣ ਨਾਲ ਉਹ ਜਿਊਂਦੇ ਸੜ ਗਏ। ਦੱਸਿਆ ਜਾ ਰਿਹਾ ਹੈ ਕਿ ਕਾਰ 'ਚ ਸ਼ਾਰਟ ਸਰਕਿਟ ਕਾਰਨ ਅੱਗ ਲੱਗ ਗਈ ਸੀ। ਸੰਜੇ ਸ਼ਿੰਦੇ ਦੀ ਗੱਡੀ 'ਚ ਜਿਸ ਸਮੇਂ ਅੱਗ ਲੱਗੀ, ਉਸ ਸਮੇਂ ਉਹ ਮੁੰਬਈ-ਆਗਰਾ ਹਾਈਵੇਅ 'ਤੇ ਪਿੰਪਲਗਾਂਵ ਬਸਵੰਤ ਟੋਲ ਪਲਾਜ਼ਾ ਕੋਲ ਸਨ।

ਹੈਂਡ ਸੈਨੀਟਾਈਜ਼ਰ ਕਾਰਨ ਭੜਕੀ ਅੱਗ
ਦੱਸਿਆ ਜਾ ਰਿਹਾ ਹੈ ਕਿ ਐੱਨ.ਸੀ.ਪੀ. ਨੇਤਾ ਦੀ ਕਾਰ ਦੇ ਅੰਦਰ ਹੈਂਡ ਸੈਨੀਟਾਈਜ਼ਰ ਰੱਖਿਆ ਹੋਇਆ ਸੀ, ਜਿਸ ਕਾਰਨ ਅੱਗ ਨੇ ਭਿਆਨਕ ਰੂਪ ਲੈ ਲਿਆ। ਇੰਨਾ ਹੀ ਨਹੀਂ ਜਦੋਂ ਕਾਰ 'ਚ ਅੱਗ ਲੱਗੀ ਤਾਂ ਸ਼ਿੰਦੇ ਦਰਵਾਜ਼ੇ ਨੂੰ ਖੋਲ੍ਹਣ ਅਤੇ ਵਿੰਡੋ ਤੋੜਨ ਦੀ ਕੋਸ਼ਿਸ਼ ਕਰਨ ਲੱਗੇ ਪਰ ਕਾਰ ਦਾ ਸੈਂਟਰਲ ਲੌਕ ਲੱਗਣ ਕਾਰਨ ਤੁਰੰਤ ਦਰਵਾਜ਼ੇ ਨਹੀਂ ਖੋਲ੍ਹ ਸਕੇ ਅਤੇ ਉਨ੍ਹਾਂ ਦੀ ਮੌਤ ਹੋ ਗਈ।

ਲੋਕਾਂ ਨੇ ਸੰਜੇ ਸ਼ਿੰਦੇ ਨੂੰ ਕੀਤੀ ਬਚਾਉਣ ਦੀ ਕੋਸ਼ਿਸ਼
ਕਿਹਾ ਜਾ ਰਿਹਾ ਹੈ ਕਿ ਕਾਰ 'ਚ ਅੱਗ ਲੱਗਣ ਤੋਂ ਬਾਅਦ ਸਥਾਨਕ ਲੋਕ ਦੌੜ ਕੇ ਕਾਰ ਕੋਲ ਪਹੁੰਚੇ ਅਤੇ ਅੰਦਰ ਬੰਦ ਸੰਜੇ ਸ਼ਿੰਦੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਕਾਫ਼ੀ ਦੇਰ ਹੋ ਗਈ ਸੀ। ਸਥਾਨਕ ਲੋਕਾਂ ਨੇ ਤੁਰੰਤ ਅੱਗ ਬੁਝਾਊ ਗੱਡੀ ਨੂੰ ਵੀ ਬੁਲਾਇਆ। ਬਾਅਦ 'ਚ ਅੱਗ 'ਤੇ ਕਾਬੂ ਪਾਇਆ ਗਿਆ। ਹਾਲਾਂਕਿ ਲਾਸ਼ ਦੀ ਪਛਾਣ ਤੋਂ ਬਾਅਦ ਪਤਾ ਲੱਗਾ ਕਿ ਕਾਰ 'ਚ ਐੱਨ.ਸੀ.ਪੀ. ਨੇਤਾ ਸੰਜੇ ਸ਼ਿੰਦੇ ਸਨ।


DIsha

Content Editor DIsha