ਮਹਾਰਾਸ਼ਟਰ ਮੰਤਰੀ ਮੰਡਲ ’ਚ ਵਾਧਾ 15 ਤੋਂ ਪਹਿਲਾਂ, ਫੜਨਵੀਸ ਨੂੰ ਮਿਲੇਗਾ ਗ੍ਰਹਿ ਵਿਭਾਗ
Monday, Aug 08, 2022 - 12:41 PM (IST)
ਨਵੀਂ ਦਿੱਲੀ (ਭਾਸ਼ਾ)– ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਵੱਲੋਂ 15 ਅਗਸਤ ਤੋਂ ਪਹਿਲਾਂ ਘੱਟੋ-ਘੱਟ 15 ਮੰਤਰੀਆਂ ਨੂੰ ਸ਼ਾਮਲ ਕਰ ਕੇ ਆਪਣੇ ਮੰਤਰੀ ਮੰਡਲ ਦਾ ਵਾਧਾ ਕੀਤੇ ਜਾਣ ਦੀ ਸੰਭਾਵਨਾ ਹੈ। ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਵੱਲੋਂ ਅਹਿਮ ਗ੍ਰਹਿ ਮੰਤਰਾਲਾ ਸੰਭਾਲੇ ਜਾਣ ਦੀ ਸੰਭਾਵਨਾ ਹੈ।
ਸੂਤਰਾਂ ਨੇ ਕਿਹਾ ਕਿ ਹੋਰਨਾਂ ਪੱਛੜੀਆਂ ਸ਼੍ਰੇਣੀਆਂ (ਓ. ਬੀ. ਸੀ.) ਦੇ ਰਾਖਵੇਂਕਰਨ ਦੇ ਮੁੱਦੇ ’ਤੇ ਸੁਪਰੀਮ ਕੋਰਟ ਦੀ ਸੁਣਵਾਈ ਹੋਣ ਕਾਰਨ ਰਾਜ ਵਿੱਚ ਨਾਗਰਿਕ ਅਦਾਰਿਆਂ ਦੀਆਂ ਚੋਣਾਂ ਵਿੱਚ ਦੇਰੀ ਹੋ ਰਹੀ ਹੈ। ਸ਼ਿਵ ਸੈਨਾ ਵਿੱਚ ਬਗ਼ਾਵਤ ਕਾਰਨ ਊਧਵ ਠਾਕਰੇ ਦੇ ਅਸਤੀਫ਼ੇ ਤੋਂ ਬਾਅਦ 30 ਜੂਨ ਨੂੰ ਸ਼ਿੰਦੇ ਅਤੇ ਫੜਨਵੀਸ ਨੇ ਕ੍ਰਮਵਾਰ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। ਦੋਵੇਂ ਉਦੋਂ ਤੋਂ 2 ਮੈਂਬਰੀ ਮੰਤਰੀ ਮੰਡਲ ਵਜੋਂ ਕੰਮ ਕਰ ਰਹੇ ਹਨ। ਇਸ ਦੀ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਨੇਤਾ ਅਤੇ ਸਾਬਕਾ ਉਪ ਮੁੱਖ ਮੰਤਰੀ ਅਜੀਤ ਪਵਾਰ ਸਮੇਤ ਵਿਰੋਧੀ ਪਾਰਟੀਆਂ ਦੇ ਕਈ ਨੇਤਾਵਾਂ ਵਲੋਂ ਆਲੋਚਨਾ ਕੀਤੀ ਗਈ ਹੈ।
ਫੜਨਵੀਸ ਨੇ ਕਿਹਾ ਕਿ ਭਾਜਪਾ ਨੇ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਮਹਾਰਾਸ਼ਟਰ ਵਿੱਚ ਆਪਣੇ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ਲਈ 16 ਅਜਿਹੇ ਸੰਸਦੀ ਹਲਕਿਆਂ ਦੀ ਪਛਾਣ ਕਰ ਕੇ ਇੱਕ ਮਿਸ਼ਨ ਸ਼ੁਰੂ ਕੀਤਾ ਹੈ ਜਿੱਥੇ ਵਿਰੋਧੀ ਪਾਰਟੀਆਂ ਲਗਾਤਾਰ ਜਿੱਤਦੀਆਂ ਰਹੀਆਂ ਹਨ।