ਨਾਗਪੁਰ 'ਚ ਬੇਕਾਬੂ ਔਡੀ ਨੇ ਕਈ ਗੱਡੀਆਂ ਨੂੰ ਮਾਰੀ ਟੱਕਰ, ਭਾਜਪਾ ਪ੍ਰਧਾਨ ਦੇ ਬੇਟੇ ਦੇ ਨਾਂ ਰਜਿਸਟਰਡ ਹੈ ਕਾਰ
Monday, Sep 09, 2024 - 11:40 PM (IST)
ਨਾਗਪੁਰ : ਮਹਾਰਾਸ਼ਟਰ ਭਾਜਪਾ ਦੇ ਪ੍ਰਧਾਨ ਚੰਦਰਸ਼ੇਖਰ ਬਾਵਨਕੁਲੇ ਦੇ ਬੇਟੇ ਸੰਕੇਤ ਦੀ ਲਗਜ਼ਰੀ ਕਾਰ ਨਾਗਪੁਰ ਦੇ ਰਾਮਦਾਸਪੇਠ ਇਲਾਕੇ 'ਚ ਕਈ ਵਾਹਨਾਂ ਨਾਲ ਟਕਰਾ ਗਈ, ਜਿਸ ਤੋਂ ਬਾਅਦ ਡਰਾਈਵਰ ਸਮੇਤ 2 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਸੀਤਾਬਲਦੀ ਥਾਣੇ ਦੇ ਅਧਿਕਾਰੀ ਮੁਤਾਬਕ, ਔਡੀ ਕਾਰ ਨੇ ਐਤਵਾਰ ਰਾਤ 1 ਵਜੇ ਸ਼ਿਕਾਇਤਕਰਤਾ ਜਤਿੰਦਰ ਸੋਨਕੰਬਲੇ ਦੀ ਕਾਰ ਨੂੰ ਪਹਿਲਾਂ ਟੱਕਰ ਮਾਰੀ ਅਤੇ ਫਿਰ ਇਕ ਮੋਪੇਡ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਸ ਵਿਚ ਸਵਾਰ ਦੋ ਨੌਜਵਾਨ ਜ਼ਖ਼ਮੀ ਹੋ ਗਏ। ਉਨ੍ਹਾਂ ਦੱਸਿਆ, “ਔਡੀ ਕਾਰ ਨੇ ਮਾਨਕਪੁਰ ਖੇਤਰ ਵੱਲ ਜਾ ਰਹੇ ਕੁਝ ਹੋਰ ਵਾਹਨਾਂ ਨੂੰ ਵੀ ਟੱਕਰ ਮਾਰ ਦਿੱਤੀ। ਉਥੇ ਟੀ-ਪੁਆਇੰਟ 'ਤੇ ਗੱਡੀ ਨੇ ਪੋਲੋ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਦੇ ਸਵਾਰਾਂ ਨੇ ਔਡੀ ਕਾਰ ਦਾ ਪਿੱਛਾ ਕਰਕੇ ਮਾਨਕਪੁਰ ਪੁਲ ਨੇੜੇ ਰੋਕ ਲਿਆ। ਸੰਕੇਤ ਬਾਵਨਕੁਲੇ ਸਮੇਤ ਕਾਰ ਵਿਚ ਸਵਾਰ ਤਿੰਨ ਲੋਕ ਭੱਜ ਗਏ।
ਅਧਿਕਾਰੀ ਨੇ ਕਿਹਾ, "ਕਾਰ ਦੇ ਡਰਾਈਵਰ ਅਰਜੁਨ ਹਵਾਰੇ ਅਤੇ ਇਕ ਹੋਰ ਵਿਅਕਤੀ ਰੋਨਿਤ ਚਿਤਮਵਾਰ ਨੂੰ ਪੋਲੋ ਕਾਰ ਵਿਚ ਸਫ਼ਰ ਕਰ ਰਹੇ ਲੋਕਾਂ ਨੇ ਰੋਕਿਆ। ਉਨ੍ਹਾਂ ਨੂੰ ਤਹਿਸੀਲ ਥਾਣੇ ਲਿਜਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਅਗਲੇਰੀ ਜਾਂਚ ਲਈ ਸੀਤਾਬਲਦੀ ਪੁਲਸ ਹਵਾਲੇ ਕਰ ਦਿੱਤਾ ਗਿਆ।'' ਅਧਿਕਾਰੀ ਨੇ ਦੱਸਿਆ ਕਿ ਔਡੀ ਕਾਰ 'ਚ ਸਵਾਰ ਲੋਕ, ਜਦੋਂ ਇਹ ਘਟਨਾ ਵਾਪਰੀ, ਉਦੋਂ ਉਹ ਧਰਮਪੇਥ ਸਥਿਤ ਬੀਅਰ ਬਾਰ ਤੋਂ ਵਾਪਸ ਆ ਰਹੇ ਸਨ। ਹਾਲਾਂਕਿ ਉਨ੍ਹਾਂ ਇਹ ਜਾਣਕਾਰੀ ਨਹੀਂ ਦਿੱਤੀ ਕਿ ਉਨ੍ਹਾਂ ਵਿਚੋਂ ਕੋਈ ਨਸ਼ੇ ਵਿਚ ਸੀ ਜਾਂ ਨਹੀਂ।
ਸੀਤਾਬਲਦੀ ਥਾਣੇ ਦੇ ਅਧਿਕਾਰੀ ਨੇ ਕਿਹਾ, “ਸੋਨਕੰਬਲੇ ਦੀ ਸ਼ਿਕਾਇਤ 'ਤੇ ਲਾਪਰਵਾਹੀ ਨਾਲ ਗੱਡੀ ਚਲਾਉਣ ਅਤੇ ਹੋਰ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਹਾਵਰੇ ਅਤੇ ਚਿਤਮਵਾਰ ਨੂੰ ਬਾਅਦ ਵਿਚ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਸੀ। ਅੱਗੇ ਜਾਂਚ ਚੱਲ ਰਹੀ ਹੈ। ਮਹਾਰਾਸ਼ਟਰ ਭਾਜਪਾ ਦੇ ਮੁਖੀ ਬਾਵਨਕੁਲੇ ਨੇ ਇਸ ਘਟਨਾ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੰਨਿਆ ਕਿ ਔਡੀ ਕਾਰ ਉਨ੍ਹਾਂ ਦੇ ਪੁੱਤਰ ਸੰਕੇਤ ਦੇ ਨਾਂ 'ਤੇ ਰਜਿਸਟਰਡ ਸੀ।
ਸੀਨੀਅਰ ਭਾਜਪਾ ਨੇਤਾ ਨੇ ਕਿਹਾ, “ਪੁਲਸ ਨੂੰ ਬਿਨਾਂ ਕਿਸੇ ਪੱਖਪਾਤ ਦੇ ਹਾਦਸੇ ਦੀ ਪੂਰੀ ਅਤੇ ਨਿਰਪੱਖ ਜਾਂਚ ਕਰਨੀ ਚਾਹੀਦੀ ਹੈ। ਦੋਸ਼ੀ ਪਾਏ ਜਾਣ ਵਾਲਿਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਮੈਂ ਕਿਸੇ ਪੁਲਸ ਅਧਿਕਾਰੀ ਨਾਲ ਗੱਲ ਨਹੀਂ ਕੀਤੀ ਹੈ। ਕਾਨੂੰਨ ਸਭ ਲਈ ਬਰਾਬਰ ਹੋਣਾ ਚਾਹੀਦਾ ਹੈ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOSs:- https://itune.apple.com/in/app/id53832 3711?mt=8