ਅਜੀਤ ਧੜੇ ਦੇ 10 ਤੋਂ 15 ਵਿਧਾਇਕ ਸ਼ਰਦ ਪਵਾਰ ਦੇ ਸੰਪਰਕ ’ਚ
Friday, Jun 07, 2024 - 12:37 AM (IST)
ਪੁਣੇ, (ਯੂ. ਐੱਨ. ਆਈ.)- ਮਹਾਰਾਸ਼ਟਰ ’ਚ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) (ਅਜੀਤ ਧੜਾ) ਦੇ ਘੱਟੋ-ਘੱਟ 10 ਤੋਂ 15 ਵਿਧਾਇਕ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) (ਸ਼ਰਦ ਧੜੇ) ਦੇ ਮੁਖੀ ਸ਼ਰਦ ਪਵਾਰ ਦੇ ਸੰਪਰਕ ਵਿਚ ਹਨ ਅਤੇ ਕਦੇ ਵੀ ਉਪ-ਮੁੱਖ ਮੰਤਰੀ ਅਜੀਤ ਪਵਾਰ ਦਾ ਸਾਥ ਛੱਡ ਸਕਦੇ ਹਨ। ਸੂਤਰਾਂ ਨੇ ਵੀਰਵਾਰ ਨੂੰ ਇੱਥੇ ਇਹ ਜਾਣਕਾਰੀ ਦਿੱਤੀ।
ਸ਼ਿਵ ਸੈਨਾ (ਸ਼ਿੰਦੇ ਧੜੇ) ਵੱਲੋਂ ਮੰਤਰੀ ਮੰਡਲ ਦੇ ਵਿਸਥਾਰ ਦੀ ਮੰਗ ਦਰਮਿਆਨ ਮਹਾਰਾਸ਼ਟਰ ਦੀ ਸਿਆਸਤ ’ਚ ਇਕ ਹੋਰ ਸੰਕਟ ਪੈਦਾ ਹੋਣ ਦੀ ਖ਼ਬਰ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਮੁੰਬਈ ’ਚ ਰਾਕਾਂਪਾ (ਅਜੀਤ ਧੜੇ) ਦੇ ਵਿਧਾਇਕਾਂ ਦੀ ਮੀਟਿੰਗ ਕੌਮੀ ਪ੍ਰਧਾਨ ਅਜੀਤ ਪਵਾਰ ਦੀ ਪ੍ਰਧਾਨਗੀ ਹੇਠ ਹੋਈ। ਪਾਰਟੀ ਵਿਧਾਇਕਾਂ ਨੇ ਵੀ 15 ਦਿਨਾਂ ਦੇ ਅੰਦਰ ਮੰਤਰੀ ਮੰਡਲ ਦੇ ਵਿਸਥਾਰ ਦੀ ਮੰਗ ਕੀਤੀ ਹੈ। ਮਹਾਰਾਸ਼ਟਰ ’ਚ ਅਜੀਤ ਪਵਾਰ ਦੇ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਗੱਠਜੋੜ ਸਰਕਾਰ ’ਚ ਸ਼ਾਮਲ ਹੋਣ ਤੋਂ ਬਾਅਦ ਮੰਤਰੀ ਮੰਡਲ ਦਾ ਕੋਈ ਵਿਸਥਾਰ ਨਹੀਂ ਹੋਇਆ ਹੈ।
ਅਜੀਤ ਪਵਾਰ ਦੀ ਮੀਟਿੰਗ ’ਚ ਨਹੀਂ ਆਏ 5 ਵਿਧਾਇਕ
ਮਹਾਰਾਸ਼ਟਰ ਦੇ ਉਪ-ਮੁੱਖ ਮੰਤਰੀ ਅਜੀਤ ਪਵਾਰ ਨੇ ਲੋਕ ਸਭਾ ਚੋਣਾਂ ’ਚ ਆਪਣੀ ਪਾਰਟੀ ਰਾਕਾਂਪਾ ਦੇ ਮਾੜੇ ਪ੍ਰਦਰਸ਼ਨ ਤੋਂ ਬਾਅਦ ਆਪਣੇ ਵਿਧਾਇਕਾਂ ਨਾਲ ਮੀਟਿੰਗ ਕੀਤੀ। ਮੀਟਿੰਗ ’ਚ ਰਾਕਾਂਪਾ ਦੇ ਕੌਮੀ ਪ੍ਰਧਾਨ ਅਜੀਤ ਪਵਾਰ, ਪਾਰਟੀ ਦੇ ਕਾਰਜਕਾਰੀ ਪ੍ਰਧਾਨ ਪ੍ਰਫੁੱਲ ਪਟੇਲ ਅਤੇ ਸੂਬਾ ਇਕਾਈ ਦੇ ਪ੍ਰਧਾਨ ਅਤੇ ਰਾਏਗੜ੍ਹ ਸੀਟ ਤੋਂ ਇਸ ਵਾਰ ਵੀ ਜਿੱਤ ਹਾਸਲ ਕਰਨ ਵਾਲੇ ਸੁਨੀਲ ਤਟਕਰੇ ਵੀ ਹਾਜ਼ਰ ਸਨ। ਸੂਤਰਾਂ ਨੇ ਦੱਸਿਆ ਕਿ ਪਾਰਟੀ ਦੇ 41 ਵਿਧਾਇਕਾਂ ’ਚੋਂ 5 ਗੈਰ ਹਾਜ਼ਰ ਸਨ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਦੇ ਡਿਪਟੀ ਸਪੀਕਰ ਨਰਹਰੀ ਜਿਰਵਾਲ ਵਿਦੇਸ਼ ’ਚ ਹਨ, ਜਦਕਿ ਬਾਕੀਆਂ ਦੀ ਸਿਹਤ ਠੀਕ ਨਹੀਂ ਹੈ।