ਮਹਾਰਾਸ਼ਟਰ ਤੇ ਝਾਰਖੰਡ ’ਚ ਕਿਸ ਦੇ ਸਿਰ ਸਜੇਗਾ ਤਾਜ, ਫੈਸਲਾ ਅੱਜ
Saturday, Nov 23, 2024 - 05:43 AM (IST)
ਨਵੀਂ ਦਿੱਲੀ (ਏਜੰਸੀਆਂ) - ਮਹਾਰਾਸ਼ਟਰ ਤੇ ਝਾਰਖੰਡ ’ਚ ਕਿਸ ਦੇ ਸਿਰ ਤਾਜ ਸਜੇਗਾ, ਸਬੰਧੀ ਫੈਸਲਾ ਸ਼ਨੀਵਾਰ ਹੋਵੇਗਾ। ਦੋਵਾਂ ਸੂਬਿਆਂ ’ਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ 23 ਨਵੰਬਰ ਨੂੰ ਐਲਾਨੇ ਜਾਣਗੇ। ਸਵੇਰੇ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ। ਮਹਾਰਾਸ਼ਟਰ ’ਚ ਸਭ ਦੀਆਂ ਨਜ਼ਰਾਂ ਸੱਤਾ ’ਚ ਮੁੜ ਵਾਪਸੀ ਦੀ ਕੋਸ਼ਿਸ਼ ਕਰ ਰਹੀ ਮਹਾ ਵਿਕਾਸ ਆਘਾੜੀ (ਐੱਮ. ਵੀ. ਏ.) ਤੇ ਭਾਜਪਾ ਦੀ ਅਗਵਾਈ ਵਾਲੀ ਸੱਤਾਧਾਰੀ ਮਹਾਯੁਤੀ ਵਿਚਾਲੇ ਮੁਕਾਬਲੇ ਦੇ ਨਤੀਜਿਆਂ ’ਤੇ ਟਿਕੀਆਂ ਹੋਈਆਂ ਹਨ।
ਵੋਟਾਂ ਦੀ ਗਿਣਤੀ ਲਈ ਕੁੱਲ 288 ਗਿਣਤੀ ਕੇਂਦਰ ਬਣਾਏ ਗਏ ਹਨ, ਜਿਨ੍ਹਾਂ ’ਚ ਨਾਂਦੇੜ ਲੋਕ ਸਭਾ ਉਪ ਚੋਣ ਲਈ ਇਕ ਕੇਂਦਰ ਵੀ ਸ਼ਾਮਲ ਹੈ। ਕੁੱਲ 288 ਕਾਊਂਟਿੰਗ ਆਬਜ਼ਰਵਰ ਹਰੇਕ ਵਿਧਾਨ ਸਭਾ ਹਲਕੇ ਦੀ ਨਿਗਰਾਨੀ ਕਰਨਗੇ। ਨਾਂਦੇੜ ਲੋਕ ਸਭਾ ਉਪ ਚੋਣ ਦੀ ਗਿਣਤੀ ਦੀ ਨਿਗਰਾਨੀ ਕਰਨ ਲਈ 2 ਆਬਜ਼ਰਵਰ ਨਿਯੁਕਤ ਕੀਤੇ ਗਏ ਹਨ।
ਵੋਟਾਂ ਦੀ ਗਿਣਤੀ ਤੋਂ ਪਹਿਲਾਂ ਪੁਣੇ ’ਚ ਇਕ ਸਥਾਨਕ ਪਾਰਟੀ ਵਰਕਰ ਨੇ ਇਕ ਪੋਸਟਰ ਲਾਇਆ ਜਿਸ ’ਚ ਐੱਨ. ਸੀ. ਪੀ. ਮੁਖੀ ਤੇ ਉਪ ਮੁੱਖ ਮੰਤਰੀ ਅਜੀਤ ਪਵਾਰ ਨੂੰ ਅਗਲੇ ਮੁੱਖ ਮੰਤਰੀ ਵਜੋਂ ਦਰਸਾਇਆ ਗਿਆ ਸੀ। ਬਾਅਦ ’ਚ ਇਸ ਨੂੰ ਹਟਾ ਦਿੱਤਾ ਗਿਆ। ਮਹਾਰਾਸ਼ਟਰ ਵਿਧਾਨ ਸਭਾ ਦਾ ਕਾਰਜਕਾਲ 26 ਨਵੰਬਰ ਨੂੰ ਖਤਮ ਹੋ ਰਿਹਾ ਹੈ।
ਮਹਾਰਾਸ਼ਟਰ ਅਤੇ ਝਾਰਖੰਡ ’ਚ ਵੋਟਾਂ ਦੀ ਗਿਣਤੀ ਤੋਂ ਬਾਅਦ ਪੈਦਾ ਹੋਣ ਵਾਲੀ ਕਿਸੇ ਵੀ ਸਥਿਤੀ ਨੂੰ ਧਿਆਨ ਵਿਚ ਰੱਖਦਿਆਂ ਕਾਂਗਰਸ ਨੇ ਸ਼ੁੱਕਰਵਾਰ ਆਪਣੇ 6 ਨੇਤਾਵਾਂ ਨੂੰ ਆਬਜ਼ਰਵਰ ਨਿਯੁਕਤ ਕੀਤਾ। ਪਾਰਟੀ ਦੇ ਸੰਗਠਨ ਜਨਰਲ ਸਕੱਤਰ ਕੇ. ਸੀ. ਵੇਣੂਗੋਪਾਲ ਵੱਲੋਂ ਜਾਰੀ ਬਿਆਨ ਮੁਤਾਬਕ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ, ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਤੇ ਕਰਨਾਟਕ ਦੇ ਗ੍ਰਹਿ ਮੰਤਰੀ ਜੀ. ਪਰਮੇਸ਼ਵਰ ਨੂੰ ਮਹਾਰਾਸ਼ਟਰ ਲਈ ਆਬਜ਼ਰਵਰ ਬਣਾਇਆ ਗਿਆ ਹੈ। ਸੀਨੀਅਰ ਨੇਤਾ ਤਾਰਿਕ ਅਨਵਰ, ਤੇਲੰਗਾਨਾ ਦੇ ਉਪ ਮੁੱਖ ਮੰਤਰੀ ਮੱਲੂ ਭੱਟੀ ਤੇ ਭਾਰਤੀ ਯੂਥ ਕਾਂਗਰਸ ਦੇ ਇੰਚਾਰਜ ਕ੍ਰਿਸ਼ਨਾ ਝਾਰਖੰਡ ਲਈ ਆਬਜ਼ਰਵਰ ਹੋਣਗੇ।