ਮਹਾਰਾਸ਼ਟਰ ’ਚ ਮਿ੍ਰਤਕ ਮਿਲੇ ਮੋਰਾਂ ’ਚ ਬਰਡ ਫਲੂ ਤੋਂ ਪੀੜਤ ਹੋਣ ਦੀ ਪੁਸ਼ਟੀ
Thursday, Jan 28, 2021 - 06:29 PM (IST)
ਔਰੰਗਾਬਾਦ— ਮਹਾਰਾਸ਼ਟਰ ਦੇ ਬੀੜ ਜ਼ਿਲ੍ਹੇ ਵਿਚ ਕੁਝ ਦਿਨ ਪਹਿਲਾਂ ਮਿ੍ਰਤਕ ਮਿਲੇ ਮੋਰਾਂ ਦੇ ਨਮੂਨਿਆਂ ਵਿਚ ਬਰਡ ਫਲੂ ਯਾਨੀ ਕਿ ਏਵੀਅਨ ਇਨਫਲੂਏਂਜਾ ਵਾਇਰਸ ਪਾਇਆ ਗਿਆ ਹੈ। ਅਧਿਕਾਰੀਆਂ ਮੁਤਾਬਕ ਬੀੜ ਦੇ ਸ਼ਿਰੂਰ ਕਸਰ ਤਾਲੁਕਾ ਦੀ ਬਾਲਾਘਾਟ ਮਾਊਂਟੇਨ ਰੇਂਜ ਨੇੜੇ ਲੋਨੀ ਪਿੰਡ ’ਚ 22 ਜਨਵਰੀ 2021 ਨੂੰ 3 ਮੋਰ, 2 ਮੋਰਨੀਆਂ ਅਤੇ ਇਕ ਜੰਗਲੀ ਪੰਛੀ ਮਿ੍ਰਤਕ ਮਿਲੇ ਸਨ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਮਿ੍ਰਤਕ ਪੰਛੀਆਂ ’ਚ ਏਵੀਅਨ ਇਨਫਲੂਏਂਜਾ ਵਾਇਰਸ ਹੋਣ ਜਾਂ ਨਾ ਹੋਣ ਦਾ ਪਤਾ ਲਾਉਣ ਲਈ ਉਨ੍ਹਾਂ ਦੇ ਨਮੂਨਿਆਂ ਨੂੰ ਜਾਂਚ ਲਈ ਪ੍ਰਯੋਗਸ਼ਾਲਾ ਭੇਜਿਆ ਗਿਆ ਸੀ। ਉਨ੍ਹਾਂ ਦੇ ਨਮੂੁਨਿਆਂ ਵਿਚ ਵਾਇਰਸ ਦੀ ਪੁਸ਼ਟੀ ਹੋਈ ਹੈ।
ਓਧਰ ਪਸ਼ੂ ਪਾਲਣ ਮਹਿਕਮੇ ਦੇ ਇਕ ਅਧਿਕਾਰੀ ਡਾਕਟਰ ਪ੍ਰਦੀਪ ਆਗਵ ਨੇ ਕਿਹਾ ਕਿ ਹੁਣ ਉਸ ਥਾਂ ਦੇ ਆਲੇ-ਦੁਆਲੇ 10 ਕਿਲੋਮੀਟਰ ਦੇ ਦਾਇਰੇ ਵਿਚ ਪੰਛੀਆਂ ਦੇ ਨਮੂਨੇ ਇਕੱਠੇ ਕੀਤੇ ਜਾ ਰਹੇ ਹਨ, ਜਿੱਥੋਂ ਇਹ ਪੰਛੀ ਮਿ੍ਰਤਕ ਮਿਲੇ ਸਨ। ਉਨ੍ਹਾਂ ਨੇ ਕਿਹਾ ਕਿ ਅਸੀਂ ਇਲਾਕੇ ਤੋਂ 113 ਨਮੂਨੇ ਇਕੱਠੇ ਕੀਤੇ ਹਨ ਅਤੇ ਉਨ੍ਹਾਂ ਨੂੰ ਜਾਂਚ ਲਈ ਭੇਜਿਆ ਹੈ। ਅਧਿਕਾਰੀਆਂ ਮੁਤਾਬਕ 22 ਜਨਵਰੀ ਤੋਂ ਬਾਅਦ ਇਲਾਕੇ ਦੇ ਆਲੇ-ਦੁਆਲੇ 8 ਹੋਰ ਮੋਰ ਮਿ੍ਰਤਕ ਮਿਲੇ ਸਨ ਪਰ ਉਨ੍ਹਾਂ ਦੇ ਬਰਡ ਫਲੂ ਤੋਂ ਪੀੜਤ ਹੋਣ ਦੀ ਪੁਸ਼ਟੀ ਨਹੀਂ ਹੋਈ ਸੀ। ਉਨ੍ਹਾਂ ਦੇ ਨਮੂਨਿਆਂ ਦੀ ਜਾਂਚ ਕਰ ਕੇ ਇਹ ਪਤਾ ਲਾਇਆ ਜਾ ਰਿਹਾ ਹੈ ਕਿ ਕਿਤੇ ਉਨ੍ਹਾਂ ਨੂੰ ਜ਼ਹਿਰ ਤਾਂ ਨਹੀਂ ਦਿੱਤਾ ਗਿਆ।