ਮਹਾਰਾਸ਼ਟਰ: ਹਸਪਤਾਲ ’ਚ ਆਕਸੀਜਨ ਪਾਈਪਲਾਈਨ ਲੀਕ, ਇੰਝ ਬਚਾਈ ਗਈ 14 ਮਰੀਜ਼ਾਂ ਦੀ ਜ਼ਿੰਦਗੀ

Wednesday, Apr 28, 2021 - 01:49 PM (IST)

ਮਹਾਰਾਸ਼ਟਰ: ਹਸਪਤਾਲ ’ਚ ਆਕਸੀਜਨ ਪਾਈਪਲਾਈਨ ਲੀਕ, ਇੰਝ ਬਚਾਈ ਗਈ 14 ਮਰੀਜ਼ਾਂ ਦੀ ਜ਼ਿੰਦਗੀ

ਔਰੰਗਾਬਾਦ (ਭਾਸ਼ਾ)— ਮਹਾਰਾਸ਼ਟਰ ਦੇ ਪਰਭਣੀ ਜ਼ਿਲ੍ਹਾ ਹਸਪਤਾਲ ’ਚ ਦਰੱਖਤ ਦੀ ਇਕ ਸ਼ਾਖਾ ਡਿੱਗਣ ਕਾਰਨ ਆਕਸੀਜਨ ਗੈਸ ਦੀ ਸਪਲਾਈ ਕਰਨ ਵਾਲੀ ਪਾਈਪਲਾਈਨ ਲੀਕ ਹੋ ਗਈ। ਚੰਗੀ ਗੱਲ ਇਹ ਰਹੀ ਕਿ ਹਸਪਤਾਲ ਦੇ ਸਟਾਫ਼ ਕਾਮਿਆਂ ਦੇ ਤੁਰੰਤ ਹਰਕਤ ’ਚ ਆਉਣ ਨਾਲ ਮੈਡੀਕਲ ਆਕਸੀਜਨ ’ਤੇ ਨਿਰਭਰ 14 ਮਰੀਜ਼ਾਂ ਦੀ ਜਾਨ ਬਚਾਅ ਲਈ ਗਈ। ਡਿਪਟੀ ਕੁਲੈਕਟਰ ਸੰਜੇ ਕੁੰਡੇਤਕਰ ਨੇ ਦੱਸਿਆ ਕਿ ਮੰਗਲਵਾਰ ਦੇਰ ਰਾਤ ਪਾਈਪਲਾਈਨ ਨੂੰ ਲੀਕ ਹੁੰਦੇ ਵੇਖਣ ਮਗਰੋਂ ਹਸਪਤਾਲ ਦੇ ਸਟਾਫ਼ ਨੇ ਮਰੀਜ਼ਾਂ ਦੇ ਸਾਹ ਲੈਣ ਲਈ ਜੰਬੋ ਆਕਸੀਜਨ ਸਿਲੰਡਰ ਦੀ ਵਿਵਸਥਾ ਕੀਤੀ।

ਡਿਪਟੀ ਕੁਲੈਕਟਰ ਮੁਤਾਬਕ ਦੇਰ ਰਾਤ ਕਰੀਬ ਸਾਢੇ 11 ਵਜੇ ਦਰੱਖਤ ਦੀ ਇਕ ਸ਼ਾਖਾ ਆਕਸੀਜਨ ਦੀ ਸਪਲਾਈ ਕਰਨ ਵਾਲੀ ਪਾਈਪਲਾਈਨ ’ਤੇ ਡਿੱਗ ਗਈ, ਜਿਸ ਨਾਲ ਗੈਸ ਲੀਕ ਹੋ ਗਈ। ਪਾਈਪਲਾਈਨ ਦੇ ਲੀਕ ਹੋਣ ਦਾ ਪਤਾ ਲੱਗਾ ਲਿਆ ਗਿਆ ਅਤੇ ਇਸ ਤੋਂ ਬਾਅਦ 14 ਮਰੀਜ਼ਾਂ ਦੇ ਸਾਹ ਲੈਣ ਲਈ ਜੰਬੋ ਆਕਸੀਜਨ ਸਿਲੰਡਰ ਦੀ ਵਿਵਸਥਾ ਕੀਤੀ ਗਈ। ਪਾਈਪਲਾਈਨ ਦੀ ਮੁਰੰਮਤ ਕਰਨ ਲਈ ਆਕਸੀਜਨ ਦੀ ਸਪਲਾਈ ਬੰਦ ਕਰ ਦਿੱਤੀ ਗਈ। ਟੈਕਨੀਸ਼ੀਅਨਾਂ ਨੇ 2 ਘੰਟਿਆਂ ਦੇ ਅੰਦਰ ਪਾਈਪਲਾਈਨ ਦੀ ਮੁਰੰਮਤ ਕਰ ਦਿੱਤੀ। ਡਿਪਟੀ ਕੁਲੈਕਟਰ ਨੇ ਕਿਹਾ ਕਿ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਤੜਕੇ ਕਰੀਬ 4 ਵਜੇ ਆਕਸੀਜਨ ਦੀ ਸਪਲਾਈ ਬਹਾਲ ਕਰ ਦਿੱਤੀ ਗਈ। ਜ਼ਿਕਰਯੋਗ ਹੈ ਕਿ ਨਾਸਿਕ ਵਿਚ 21 ਅਪ੍ਰੈਲ ਨੂੰ ਇਕ ਹਸਪਤਾਲ ’ਚ ਇਕ ਪਲਾਂਟ ਤੋਂ ਆਕਸੀਜਨ ਗੈਸ ਲੀਕ ਹੋਣ ਤੋਂ ਬਾਅਦ ਆਕਸੀਜਨ ਦੀ ਸਪਲਾਈ ਰੁੱਕ ਗਈ, ਜਿਸ ਕਾਰਨ 22 ਮਰੀਜ਼ਾਂ ਦੀ ਮੌਤ ਹੋ ਗਈ। 


author

Tanu

Content Editor

Related News