9 ਲੱਖ ਰੁਪਏ ਨੂੰ ਹੜ੍ਹ ਤੋਂ ਬਚਾਉਣ ਲਈ 9 ਘੰਟੇ ਤੱਕ ਬੱਸ ਦੀ ਛੱਤ ’ਤੇ ਬੈਠੇ ਰਹੇ ਡਿਪੋ ਮੈਨੇਜਰ

Tuesday, Jul 27, 2021 - 03:13 PM (IST)

9 ਲੱਖ ਰੁਪਏ ਨੂੰ ਹੜ੍ਹ ਤੋਂ ਬਚਾਉਣ ਲਈ 9 ਘੰਟੇ ਤੱਕ ਬੱਸ ਦੀ ਛੱਤ ’ਤੇ ਬੈਠੇ ਰਹੇ ਡਿਪੋ ਮੈਨੇਜਰ

ਮਹਾਰਾਸ਼ਟਰ (ਭਾਸ਼ਾ)— ਮਹਾਰਾਸ਼ਟਰ ਦੇ ਚਿਪਲੁਨ ਕਸਬੇ ਵਿਚ ਪਿਛਲੇ ਹਫ਼ਤੇ ਮੋਹਲੇਧਾਰ ਮੀਂਹ ਦਰਮਿਆਨ ਸੂਬਾਈ ਟਰਾਂਸਪੋਰਟ ਬੱਸ ਡਿਪੋ ਦੇ ਮੈਨੇਜਰ ਬੇਹੱਦ ਸਾਹਸ ਵਿਖਾਉਂਦੇ ਹੋਏ ਡੁੱਬੀ ਬੱਸ ਦੀ ਛੱਤ ’ਤੇ ਕਰੀਬ 9 ਘੰਟੇ ਤੱਕ ਬੈਠੇ ਰਹੇ। ਉਨ੍ਹਾਂ ਨੇ ਅਜਿਹਾ ਇਸ ਲਈ ਕੀਤਾ ਤਾਂ ਕਿ ਜਮਾਂ ਕੀਤੀ ਗਈ 9 ਲੱਖ ਰੁਪਏ ਦੀ ਰਾਸ਼ੀ ਮੀਂਹ ਦੇ ਪਾਣੀ ਵਿਚ ਬਰਬਾਦ ਨਾ ਹੋ ਜਾਵੇ। ਡਿਪੋ ਮੈਨੇਜਰ ਰੰਜੀਤ ਰਾਜੇ ਸ਼ਿਰਕੇ ਦੇ ਇਸ ਕਦਮ ਦੀ ਉਨ੍ਹਾਂ ਦੇ ਸਹਿਕਰਮੀ ਅਤੇ ਹੋਰ ਲੋਕ ਪ੍ਰਸ਼ੰਸਾ ਕਰ ਰਹੇ ਹਨ। 

ਦੱਸ ਦੇਈਏ ਕਿ ਪਿਛਲੇ ਵੀਰਵਾਰ ਨੂੰ ਕੋਂਕਣ ਖੇਤਰ ਦੇ ਰਤਨਾਗਿਰੀ ਜ਼ਿਲ੍ਹੇ ਦੇ ਚਿਪਲੁਨ ਕਸਬੇ ’ਚ ਭਾਰੀ ਹੜ੍ਹ ਆ ਗਿਆ ਸੀ। ਮਹਾਰਾਸ਼ਟਰ ਸੂਬਾ ਸੜਕ ਟਰਾਂਸਪੋਰਟ ਨਿਗਮ (ਐੱਮ. ਐੱਸ. ਆਰ. ਟੀ. ਸੀ.) ਡਿਪੋ ਵਿਚ ਪਾਣੀ ਦਾ ਪੱਧਰ ਵੱਧਣ ਲੱਗਾ ਸੀ ਅਤੇ ਇਸ ਦੇ ਕੰਪਲੈਕਸ ਵਿਚ ਖੜ੍ਹੀਆਂ ਬੱਸਾਂ ਡੁੱਬਣ ਲੱਗੀਆਂ ਸਨ। ਖ਼ਤਰਨਾਕ ਮੌਸਮ ਦਰਮਿਆਨ ਸਾਹਸ ਵਿਖਾਉਂਦੇ ਹੋਏ ਰਾਜੇ ਡੁੱਬੀ ਹੋਈ ਇਕ ਬੱਸ ਦੀ ਛੱਤ ’ਤੇ ਚੜ੍ਹ ਗਏ ਅਤੇ ਨਕਦੀ ਨੂੰ ਨੁਕਸਾਨ ਤੋਂ ਬਚਾਉਣ ਲਈ ਕਰੀਬ 9 ਘੰਟੇ ਤੱਕ ਇੱਥੇ ਬੈਠੇ ਰਹੇ। ਬਾਅਦ ਵਿਚ ਪੁਲਸ ਨੇ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਿਆ।

ਇਸ ਘਟਨਾ ਨੂੰ ਯਾਦ ਕਰਦਿਆਂ ਰਾਜੇ ਨੇ ਦੱਸਿਆ ਕਿ ਮੀਂਹ ਮਗਰੋਂ ਦਫ਼ਤਰ ’ਚ ਪਾਣੀ ਦਾ ਪੱਧਰ ਵੱਧਦਾ ਵੇਖ ਕੇ ਡਿਪੋ ਦੇ ਵਾਚਮੈਨ ਨੇ ਉਨ੍ਹਾਂ ਨੂੰ ਸਾਢੇ 3 ਵਜੇ ਫੋਨ ਕਾਲ ਕੀਤੀ। ਅਧਿਕਾਰੀ ਨੇ ਦੱਸਿਆ ਕਿ ਜਦੋਂ ਮੈਂ ਉੱਥੇ ਕਰੀਬ 3 ਵਜ ਕੇ 45 ਮਿੰਟ ’ਤੇ ਪਹੁੰਚਿਆ ਤਾਂ ਦਫ਼ਤਰ ਵਿਚ ਗਰਦਨ ਭਰ ਪਾਣੀ ਭਰ ਚੁੱਕਿਆ ਸੀ। ਮੈਂ ਫਿਰ ਵੀ ਅੰਦਰ ਜਾਣ ਦਾ ਫ਼ੈਸਲਾ ਲਿਆ ਅਤੇ ਉੱਥੇ ਜਮਾਂ ਆਮਦਨੀ ਯਾਨੀ ਕਿ 9 ਲੱਖ ਰੁਪਏ ਦੀ ਰਾਸ਼ੀ ਨੂੰ ਕੱਢ ਲਿਆ। ਉਹ ਡਿਪੋ ਤੋਂ ਬਾਹਰ ਨਹੀਂ ਨਿਕਲ ਸਕੇ ਕਿਉਂਕਿ ਚਾਰੋਂ ਪਾਸੇ ਭਿਆਨਕ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਸੀ। ਅਧਿਕਾਰੀ ਨੇ ਦੱਸਿਆ ਕਿ ਨਕਦੀ ਨੂੰ ਨੁਕਸਾਨ ਤੋਂ ਬਚਾਉਣ ਲਈ ਇਸ ਨੂੰ ਮੈਂ ਪਲਾਸਟਿਕ ਦੇ ਥੈਲੇ ਵਿਚ ਰੱਖ ਲਿਆ। ਇਸ ਤੋਂ ਬਾਅਦ ਮੈਂ ਅਤੇ ਮੇਰੇ ਇਕ ਸਹਿਕਰਮੀ ਕਰੀਬ 6 ਵਜੇ ਡੁੱਬੀ ਹੋਈ ਇਕ ਬੱਸ ਦੀ ਛੱਤ ’ਤੇ ਚੜ੍ਹ ਗਏ। ਪ੍ਰਬੰਧਕ ਨੇ ਦੱਸਿਆ ਕਿ ਅਸੀਂ ਮੀਂਹ ਦਰਮਿਆਨ ਬੱਸ ’ਤੇ ਬੈਠੇ ਰਹੇ ਫਿਰ ਦੁਪਹਿਰ 3 ਵਜੇ ਪੁਲਸ ਦੀ ਟੀਮ ਨੇ ਸਾਨੂੰ ਉੱਥੋਂ ਕੱਢਿਆ।


author

Tanu

Content Editor

Related News