''ਕੋਰੋਨਾ'' ਨਾਲ ਮਰੇ 12 ਮਰੀਜ਼ਾਂ ਦੀਆਂ ਲਾਸ਼ਾਂ ਇਕ ਹੀ ਵੈਨ ''ਚ ਲੈ ਗਏ ਸ਼ਮਸ਼ਾਨ, ਲੋਕਾਂ ਦਾ ਫੁਟਿਆ ਗੁੱਸਾ

8/12/2020 4:57:36 PM

ਮਹਾਰਾਸ਼ਟਰ— ਦੇਸ਼ 'ਚ ਕੋਰੋਨਾ ਵਾਇਰਸ ਮਹਾਮਾਰੀ ਦੀ ਆਫ਼ਤ ਘੱਟ ਹੋਣ ਦਾ ਨਾਮ ਨਹੀਂ ਲੈ ਰਹੀ ਹੈ। ਹਾਲਾਤ ਅਜਿਹੇ ਬਣ ਗਏ ਹਨ ਕਿ ਰੋਜ਼ਾਨਾ ਕੋਰੋਨਾ ਦੇ 60 ਹਜ਼ਾਰ ਤੋਂ ਵਧੇਰੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ, ਜਿਸ ਕਾਰਨ ਕੋਰੋਨਾ ਪੀੜਤਾਂ ਦੀ ਗਿਣਤੀ 23 ਲੱਖ ਦੇ ਪਾਰ ਹੋ ਗਈ ਹੈ। ਇਸ ਦੇ ਨਾਲ ਹੀ ਕੋਰੋਨਾ ਤੋਂ ਮਰਨ ਵਾਲਿਆਂ ਦੀ ਗਿਣਤੀ 46,091 ਹੋ ਗਈ ਹੈ। ਇਸ ਦਰਮਿਆਨ ਮਹਾਰਾਸ਼ਟਰ ਦੇ ਅਹਿਮਦਨਗਰ ਤੋਂ ਇਕ ਹੈਰਾਨ ਕਰਨ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਕੋਵਿਡ-19 ਯਾਨੀ ਕਿ ਕੋਰੋਨਾ ਵਾਇਰਸ ਤੋਂ ਮਰੇ 12 ਮਰੀਜ਼ਾਂ ਦੀਆਂ ਲਾਸ਼ਾਂ ਨੂੰ ਇਕ ਹੀ ਵੈਨ 'ਚ ਸ਼ਮਸ਼ਾਨ ਲੈ ਕੇ ਜਾਣ ਨਾਲ ਜੁੜਿਆ ਹੈ। ਇਸ ਗੱਲ ਨੂੰ ਲੈ ਕੇ ਲੋਕਾਂ ਦਾ ਗੁੱਸਾ ਫੁਟਿਆ ਤਾਂ ਅਹਿਮਦਨਗਰ ਨਗਰ ਨਿਗਮ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ।

PunjabKesari

ਜਾਣਕਾਰੀ ਮੁਤਾਬਕ ਕੋਵਿਡ-19 ਵਾਇਰਸ ਕਾਰਨ ਮਰੇ ਮਰੀਜ਼ਾਂ ਦੀਆਂ ਇਕੱਠੀਆਂ ਲਾਸ਼ਾਂ ਵੈਨ 'ਚ ਇਕ-ਦੂਜੇ ਦੇ ਉੱਪਰ ਰੱਖ ਕੇ ਅਹਿਮਦਨਗਰ 'ਚ ਸ਼ਮਸ਼ਾਨ 'ਚ ਅੰਤਿਮ ਸੰਸਕਾਰ ਲਈ ਲਿਜਾਇਆ ਗਿਆ। ਇਸ ਗੱਲ ਦਾ ਖ਼ੁਲਾਸਾ ਹੋਣ 'ਤੇ ਸਿਆਸੀ ਦਲਾਂ ਅਤੇ ਸਥਾਨਕ ਵਾਸੀਆਂ ਨੇ ਜੰਮ ਕੇ ਹੰਗਾਮਾ ਕੀਤਾ ਅਤੇ ਵਿਰੋਧ ਪ੍ਰਦਰਸ਼ਨ ਕੀਤਾ। ਹੰਗਾਮਾ ਵੇਖ ਕੇ ਅਹਿਮਦਨਗਰ ਨਗਰ ਨਿਗਮ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਦੋਸ਼ੀਆਂ ਵਿਰੁੱਧ ਕਾਰਵਾਈ ਕਰੇਗਾ।

ਓਧਰ ਨਗਰ ਕਸ਼ਿਮਨਰ ਸ਼੍ਰੀਕਾਂਤ ਮਾਈਕਲ ਨੇ ਦੱਸਿਆ ਕਿ ਅਸੀਂ ਆਪਣੇ ਚੌਥੀ ਕਲਾਸ ਦੇ ਕਾਮਿਆਂ ਵਿਚੋਂ ਇਕ ਨੂੰ ਨੋਟਿਸ ਜਾਰੀ ਕੀਤਾ ਹੈ। ਉਕਤ ਕਾਮਾ ਕੋਵਿਡ-19 ਕਾਰਨ ਮਰੇ ਮਰੀਜ਼ਾਂ ਦੀਆਂ ਲਾਸ਼ਾਂ ਲੈ ਕੇ ਜਾਣ ਅਤੇ ਉਨ੍ਹਾਂ ਨੂੰ ਬੰਦ ਕਰਨ ਵਿਚ ਕੰਮ ਦੀ ਨਿਗਰਾਨੀ ਕਰ ਰਿਹਾ ਸੀ। ਓਧਰ ਅਹਿਮਦਨਗਰ ਸਿਵਲ ਹਸਪਤਾਲ ਪ੍ਰਸ਼ਾਸਨ ਨੂੰ ਦੋਸ਼ੀ ਠਹਿਰਾਉਂਦੇ ਹੋਏ ਨਿਗਮ ਮੁਖੀ ਨੇ ਕਿਹਾ ਕਿ ਇਹ ਯਕੀਨੀ ਕਰਨਾ ਹਸਪਤਾਲ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਸੀ ਕਿ ਲਾਸ਼ਾਂ ਨੂੰ ਵੈਨ 'ਚ ਠੀਕ ਢੰਗ ਨਾਲ ਰੱਖਿਆ ਜਾਵੇ। ਫਿਰ ਸ਼ਮਸ਼ਾਨ ਭੇਜਿਆ ਜਾਵੇ। ਜੇਕਰ ਪੀ. ਪੀ. ਈ. ਕਿੱਟ ਦੀ ਸਮੱਸਿਆ ਸੀ ਤਾਂ ਉਨ੍ਹਾਂ ਨੂੰ ਇਸ ਲਈ ਕਹਿਣਾ ਚਾਹੀਦਾ ਸੀ। ਸਾਡੀ ਸੇਵਾ ਵਿਚ 5 ਐਂਬੂਲੈਂਸ ਵੀ ਹਨ। ਉਹ ਐਂਬੂਲੈਂਸ ਵਾਲਿਆਂ ਨਾਲ ਇਸ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਸਨ। ਦੱਸ ਦੇਈਏ ਕਿ ਅਹਿਮਦਨਗਰ ਜ਼ਿਲ੍ਹੇ 'ਚ ਹੁਣ ਤੱਕ 112 ਮੌਤਾਂ ਅਤੇ 10,000 ਤੋਂ ਵੱਧ ਕੋਰੋਨਾ ਪਾਜ਼ੇਟਿਵ ਕੇਸ ਹਨ।


Tanu

Content Editor Tanu