ਮਹਾਪੰਚਾਇਤਾਂ ’ਤੇ ਫਿਰ ਤਕਰਾਰ, ਕਈ ਸੰਗਠਨਾਂ ਦੀ ਨਸੀਹਤ-ਬਾਰਡਰ ’ਤੇ ਵਧਾਈਏ ਗਿਣਤੀ

02/25/2021 9:53:46 AM

ਸੋਨੀਪਤ (ਦੀਕਸ਼ਿਤ)– ਕਿਸਾਨ ਅੰਦੋਲਨ ਦੌਰਾਨ ਇਸ ਵੇਲੇ ਇਕ ਪਾਸੇ ਜਿੱਥੇ ਦਿੱਲੀ ਦੇ ਬਾਰਡਰਾਂ ’ਤੇ ਸੰਯੁਕਤ ਮੋਰਚੇ ਦੇ ਵੱਖ-ਵੱਖ ਪ੍ਰੋਗਰਾਮ ਚੱਲ ਰਹੇ ਹਨ, ਉਥੇ ਕਿਸਾਨ ਨੇਤਾ ਰਾਕੇਸ਼ ਟਿਕੈਤ ਨਾਲ ਮੋਰਚੇ ਦੇ ਕੁਝ ਕਿਸਾਨ ਨੇਤਾ ਹਰਿਆਣਾ, ਯੂ. ਪੀ., ਪੰਜਾਬ ਤੇ ਰਾਜਸਥਾਨ ਸਣੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਮਹਾਪੰਚਾਇਤਾਂ ਕਰ ਰਹੇ ਹਨ ਪਰ ਕਿਸਾਨਾਂ ਦੇ ਕੁਝ ਸੰਗਠਨ ਇਨ੍ਹਾਂ ਪੰਚਾਇਤਾਂ ਦਾ ਵਿਰੋਧ ਕਰ ਰਹੇ ਹਨ। ਭਾਰਤੀ ਕਿਸਾਨ ਯੂਨੀਅਨ ਦੇ ਦੋ ਸੰਗਠਨਾਂ ਨੇ ਫਿਰ ਤੋਂ ਸਵਾਲ ਉਠਾਉਂਦਿਆਂ ਕਿਹਾ ਕਿ ਜਦੋਂ ਕਿਸਾਨ ਦਿੱਲੀ ਦੇ ਬਾਰਡਰਾਂ ’ਤੇ ਡਟੇ ਹੋਏ ਹਨ ਤੇ ਉਥੇ ਸਾਰੇ ਪ੍ਰੋਗਰਾਮ ਵੀ ਹੋ ਰਹੇ ਹਨ ਤਾਂ ਵੱਖ-ਵੱਖ ਮਹਾਪੰਚਾਇਤਾਂ ਦੀ ਕੀ ਤੁੱਕ ਹੈ? ਇਨ੍ਹਾਂ ਸੰਗਠਨਾਂ ਨੇ ਨਸੀਹਤ ਵੀ ਦਿੱਤੀ ਹੈ ਕਿ ਸਾਰੇ ਬਾਰਡਰਾਂ ’ਤੇ ਕਿਸਾਨਾਂ ਦੀ ਗਿਣਤੀ ਵਧਾਉਣ ’ਤੇ ਜ਼ੋਰ ਦੇਣਾ ਚਾਹੀਦਾ ਹੈ। ਪੂਰਾ ਫੋਕਸ ਕਿਸਾਨਾਂ ਦੀ ਏਕਤਾ ਬਰਕਰਾਰ ਰੱਖਣ ’ਤੇ ਹੋਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਦੇ ਸੂਬਾਈ ਪ੍ਰਧਾਨ ਗੁਰਨਾਮ ਚਢੂਨੀ ਵੀ ਮਹਾਪੰਚਾਇਤਾਂ ਦੇ ਸਵਾਲ ਉਠਾ ਚੁੱਕੇ ਹਨ। ਹਾਲਾਂਕਿ ਬਾਅਦ ਵਿਚ ਚਢੂਨੀ ਖ਼ੁਦ ਕਈ ਮਹਾਪੰਚਾਇਤਾਂ 'ਚ ਸ਼ਾਮਲ ਹੋ ਚੁੱਕੇ ਹਨ।

ਇਹ ਵੀ ਪੜ੍ਹੋ : ਜੇਕਰ ਕਿਸਾਨ ਕੇਂਦਰ ਦੀ ਪੇਸ਼ਕਸ਼ ’ਤੇ ਵਿਚਾਰ ਕਰਨ ਤਾਂ ਸਰਕਾਰ ਗੱਲਬਾਤ ਲਈ ਤਿਆਰ: ਤੋਮਰ

PunjabKesari

ਭਾਰਤੀ ਕਿਸਾਨ ਯੂਨੀਅਨ (ਅੰਬਾਵਤਾ) ਦੇ ਰਾਸ਼ਟਰੀ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਦਹੀਆ ਤੇ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਉਪ ਪ੍ਰਧਾਨ ਸੇਵਾ ਸਿੰਘ ਆਰੀਆ ਨੇ ਕੁੰਡਲੀ ਬਾਰਡਰ ’ਤੇ ਬੁੱਧਵਾਰ ਨੂੰ ਕਿਸਾਨਾਂ ਦੀ ਇਕ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸਿੱਧੇ ਤੌਰ ’ਤੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਮਹਾਪੰਚਾਇਤਾਂ ਦਾ ਫੈਸਲਾ ਠੀਕ ਨਹੀਂ ਹੈ। ਮਹਾਪੰਚਾਇਤਾਂ ਸ਼ੁਰੂ ਹੋਣ ਤੋਂ ਬਾਅਦ ਅੰਦੋਲਨ ਭੜਕਾਅ ਵੱਲ ਜਾ ਸਕਦਾ ਹੈ। ਅਜਿਹੇ ਵਿਚ ਸੰਯੁਕਤ ਕਿਸਾਨ ਮੋਰਚਾ ਤੇ ਕਿਸਾਨ ਆਗੂਆਂ ਨੂੰ ਫਿਰ ਤੋਂ ਇਸ ’ਤੇ ਵਿਚਾਰ ਕਰਨ ਦੀ ਲੋੜ ਹੈ। ਕਿਸਾਨ ਪੰਚਾਇਤਾਂ ਲਗਾਤਾਰ ਚੱਲ ਰਹੀਆਂ ਹਨ, ਜਿਸ ਨਾਲ ਦਿੱਲੀ ਦੇ ਬਾਰਡਰਾਂ ’ਤੇ ਡਟੇ ਕਿਸਾਨਾਂ ਦੀ ਗਿਣਤੀ ’ਤੇ ਅਸਰ ਪੈ ਰਿਹਾ ਹੈ। ਦੋਹਾਂ ਨੇਤਾਵਾਂ ਨੇ ਕਿਸਾਨ ਨੂੰ ਨਸੀਹਤ ਦਿੱਤੀ ਕਿ ਸਾਰੇ ਪ੍ਰੋਗਰਾਮ ਧਰਨਾ ਸਥਲਾਂ ’ਤੇ ਹੀ ਹੋਣੇ ਚਾਹੀਦੇ ਹਨ ਅਤੇ ਕਿਸਾਨਾਂ ਨੂੰ ਆਪਣੇ ਟਰੈਕਟਰ-ਟਰਾਲੀ ਲੈ ਕੇ ਇਥੇ ਪਹੁੰਚਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਦਿੱਲੀ ਪੁਲਸ ਨੇ ਦੱਸਿਆ ਗਾਜ਼ੀਪੁਰ 'ਤੇ ਧਰਨਾ ਸਥਾਨ ਖ਼ਾਲੀ ਕਰਨ ਲਈ ਲੱਗੇ ਪੋਸਟਰਾਂ ਦਾ ਸੱਚ

ਨੋਟ : ਕਿਸਾਨਾਂ ਦੇ ਕੁਝ ਸੰਗਠਨ ਵਲੋਂ ਪੰਚਾਇਤਾਂ ਦਾ ਵਿਰੋਧ ਕਰਨ ਬਾਰੇ ਕੀ ਹੈ ਤੁਹਾਡੀ ਰਾਏ


DIsha

Content Editor

Related News