ਮਹਾਕੁੰਭ ਕਰੇਗਾ ਅਰਥਵਿਵਸਥਾ ਨੂੰ ਬੂਸਟ, 4 ਲੱਖ ਕਰੋੜ ਦੀ ਹੋਵੇਗੀ ਕਮਾਈ
Wednesday, Jan 15, 2025 - 12:01 AM (IST)
ਨਵੀਂ ਦਿੱਲੀ, (ਅਨਸ)– ਪ੍ਰਯਾਗਰਾਜ ’ਚ ਮਹਾਕੁੰਭ ਮੇਲੇ ਦਾ ਆਗਾਜ਼ ਹੋ ਚੁੱਕਾ ਹੈ, ਜਿਸ ’ਚ ਦੇਸ਼-ਵਿਦੇਸ਼ ਤੋਂ ਕਰੋੜਾਂ ਦੀ ਗਿਣਤੀ ’ਚ ਸਾਧੂ-ਸੰਤ ਤੇ ਸ਼ਰਧਾਲੂਆਂ ਦੀ ਭੀੜ ਲੱਗੀ ਹੈ। ਮਹਾਕੁੰਭ ਦਾ ਅਧਿਆਤਮਿਕ ਅਤੇ ਸੱਭਿਆਚਾਰਕ ਮਹੱਤਵ ਹੋਣ ਦੇ ਨਾਲ-ਨਾਲ ਇਸ ਦਾ ਦੇਸ਼ ਦੀ ਅਰਥਵਿਵਸਥਾ ’ਤੇ ਵੀ ਤਗੜਾ ਅਸਰ ਪੈਂਦਾ ਹੈ। ਮਹਾਕੁੰਭ ’ਚ ਜਿਥੇ ਲੋਕ ਆਸਥਾ ਦੀ ਚੁੱਭੀ ਲਗਾਉਂਦੇ ਹਨ, ਉਥੇ ਇਹ ਮਹਾਕੁੰਭ ਅਰਥਵਿਵਸਥਾ ਨੂੰ ਵੀ ਬੂਸਟ ਕਰੇਗਾ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਸਾਲ ਮਹਾਕੁੰਭ ਮੇਲੇ ਤੋਂ 4 ਲੱਖ ਕਰੋੜ ਤੋਂ ਵੱਧ ਦੀ ਕਮਾਈ ਹੋ ਸਕਦੀ ਹੈ।
45 ਦਿਨਾਂ ਤੱਕ ਚੱਲਣ ਵਾਲੇ ਇਸ ਮਹਾਉਤਸਵ ’ਚ ਸੰਗਮ ਦੇ ਕੰਢੇ 40 ਕਰੋੜ ਤੋਂ ਵੱਧ ਲੋਕਾਂ ਦੇ ਜੁਟਨ ਦੀ ਉਮੀਦ ਹੈ। ਮਹਾਕੁੰਭ ਲਈ ਉੱਤਰ ਪ੍ਰਦੇਸ਼ ਦੀ ਸਰਕਾਰ ਨੇ 7,000 ਕਰੋੜ ਰੁਪਏ ਦਾ ਬਜਟ ਰੱਖਿਆ ਹੈ। ਲੱਗਭਗ 4,000 ਹੈਕਟੇਅਰ ’ਚ ਆਯੋਜਿਤ ਇਸ ਮਹਾਉਤਸਵ ਦਾ ਸਮਾਪਨ 26 ਫਰਵਰੀ ਨੂੰ ਮਹਾਸ਼ਿਵਰਾਤਰੀ ਵਾਲੇ ਦਿਨ ਹੋਵੇਗਾ।
ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਸਾਲ ਆਯੋਜਿਤ ਹੋਏ ਮਹਾਕੁੰਭ ਨਾਲ ਉੱਤਰ ਪ੍ਰਦੇਸ਼ ਦੀ ਅਰਥਵਿਵਸਥਾ ’ਚ 2 ਲੱਖ ਕਰੋੜ ਰੁਪਏ ਜੁੜ ਸਕਦੇ ਹਨ। ਅੰਦਾਜ਼ਨ ਤੌਰ ’ਤੇ ਇਥੇ ਆਉਣ ਵਾਲੇ 40 ਕਰੋੜ ਲੋਕ ਔਸਤਨ 5,000 ਰੁਪਏ ਖਰਚ ਕਰਦੇ ਹਨ। ਇਸ ਨਾਲ ਸੂਬਾ ਸਰਕਾਰ ਨੂੰ 2 ਲੱਖ ਕਰੋੜ ਰੁਪਏ ਦੀ ਕਮਾਈ ਹੋਵੇਗੀ।
ਇੰਡਸਟ੍ਰੀ ਦੇ ਜਾਣਕਾਰਾਂ ਨੇ ਕਿਹਾ ਕਿ ਇਸ ਸਾਲ ਮਹਾਕੁੰਭ ਦੇ ਮੇਲੇ ’ਚ ਪ੍ਰਤੀ ਵਿਅਕਤੀ ਔਸਤ ਖਰਚਾ 10,000 ਰੁਪਏ ਤੱਕ ਵੀ ਪਹੁੰਚ ਸਕਦਾ ਹੈ, ਅਜਿਹੇ ’ਚ 2 ਲੱਖ ਕਰੋੜ ਦਾ ਅੰਕੜਾ 4 ਲੱਖ ਕਰੋੜ ਰੁਪਏ ਤੱਕ ਪਹੁੰਚ ਸਕਦਾ ਹੈ। ਇਸ ਨਾਲ ਨਾਮੀਨਲ ਦੇ ਨਾਲ-ਨਾਲ ਰੀਅਲ ਜੀ. ਡੀ. ਪੀ. ’ਚ ਵੀ 1 ਫੀਸਦੀ ਦੇ ਵਾਧੇ ਦੀ ਉਮੀਦ ਹੈ।
ਇਨ੍ਹਾਂ ਸਾਰੀਆਂ ਚੀਜ਼ਾਂ ’ਤੇ ਲੋਕ ਕਰਨਗੇ ਖਰਚ
ਇਸ ਸਾਲ ਆਸਥਾ ਦਾ ਮਹਾਉਤਸਵ ਇਸ ਲਈ ਖਾਸ ਹੈ ਕਿਉਂਕਿ 12 ਸਾਲਾਂ ਬਾਅਦ ਆਯੋਜਿਤ ਹੋ ਰਹੇ ਇਸ ਮਹਾਕੁੰਭ ’ਚ 144 ਸਾਲਾਂ ਦਾ ਵਿਸ਼ੇਸ਼ ਸੰਯੋਗ ਬਣ ਰਿਹਾ ਹੈ। ਇਸ ’ਚ ਸਿਰਫ ਦੇਸ਼ ਤੋਂ ਹੀ ਨਹੀਂ ਸਗੋਂ ਰੂਸ, ਅਮਰੀਕਾ ਵਰਗੇ ਦੇਸ਼ਾਂ ਤੋਂ ਵੀ ਭਗਤ ਆਉਣਗੇ। ਇਸ ਦੌਰਾਨ ਲੋਕ ਪੈਕੇਜਡ ਫੂਡ ਸਮੇਤ ਪਾਣੀ, ਬਿਸਕੁਟ ਤੋਂ ਇਲਾਵਾ ਦੀਵੇ, ਤੇਲ, ਅਗਰਬੱਤੀ, ਧਾਰਮਿਕ ਕਿਤਾਬਾਂ ਵਰਗੀਆਂ ਕਈ ਚੀਜ਼ਾਂ ਖਰੀਦਨਗੇ। ਇਸ ਤੋਂ ਇਲਾਵਾ ਲਾਜਿੰਗ ਤੇ ਟ੍ਰੈਵਲਿੰਗ ’ਤੇ ਵੀ ਖੂਬ ਖਰਚ ਹੋਵੇਗਾ, ਜਿਸ ਨਾਲ ਸੂਬੇ ਦੇ ਨਾਲ-ਨਾਲ ਦੇਸ਼ ਦੀ ਇਕਾਨਮੀ ਵੀ ਗਤੀ ਫੜੇਗੀ।
ਹੋਟਲ ਤੋਂ ਲੈ ਕੇ ਫਲਾਈਟਸ ਬੁਕਿੰਗ ’ਚ 162 ਫੀਸਦੀ ਤੱਕ ਦਾ ਉਛਾਲ
ਜਾਣਕਾਰੀ ਅਨੁਸਾਰ ਕੁੰਭ ਜਾਣ ਵਾਲਿਆਂ ਦੀ ਹਾਈ ਡਿਮਾਂਡ ਨੇ ਟ੍ਰੈਵਲ ਅਤੇ ਹੋਟਲ ਕੰਪਨੀਆਂ ਅਤੇ ਪਲੇਟਫਾਰਮਾਂ ਦੀ ਕਮਾਈ ਵਧਾ ਦਿੱਤੀ ਹੈ। ਲੋਕ ਦੂਰ-ਦੁਰੇਡੇ ਤੋਂ ਆਸਥਾ ਦੇ ਇਸ ਮਹਾਉਤਸਵ ’ਚ ਚੁੱਭੀ ਮਾਰਨ ਆ ਰਹੇ ਹਨ, ਜਿਸ ਨਾਲ ਟ੍ਰੈਵਲ ਏਜੰਟਸ ਅਤੇ ਹੋਟਲ ਬੁਕਿੰਗ ਵਾਲਿਆਂ ਦੀ ਬੱਲੇ-ਬੱਲੇ ਹੋ ਗਈ ਹੈ।
ਸਟੇਅ ਤੋਂ ਲੈ ਕੇ ਪ੍ਰਯਾਗਰਾਜ ਜਾਣ ਲਈ ਲੋਕ ਆਨਲਾਈਨ ਪਲੇਟਫਾਰਮਜ਼ ਦਾ ਸਹਾਰਾ ਲੈ ਰਹੇ ਹਨ, ਜਿਸ ਕਾਰਨ ਹੋਟਲ ਤੋਂ ਲੈ ਕੇ ਫਲਾਈਟਸ ਦੀ ਬੁਕਿੰਗ ’ਚ 162 ਫੀਸਦੀ ਦਾ ਉਛਾਲ ਆ ਗਿਆ ਹੈ। ਕੁੰਭ ’ਚ ਖਾਸ ਤਰੀਕਾਂ ’ਚ ਟ੍ਰੇਨ, ਪਲੇਟ ਦੀ ਟਿਕਟ ਤੋਂ ਲੈ ਕੇ ਹੋਟਲ ਦੇ ਕਮਰੇ ਵੀ ਨਾ ਮਿਲ ਪਾਉਣ ਕਾਰਨ ਲੋਕ ਆਨਲਾਈਨ ਪਲੇਟਫਾਰਮ ’ਤੇ ਸਰਚ ਕਰ ਰਹੇ ਹਨ। ਓਵਰਆਲ ਕੈਬ, ਹੋਟਲ, ਫਲਾਈਟ ਖਾਣਾ ਸਾਰੀਆਂ ਚੀਜ਼ਾਂ ਲਈ ਆਨਲਾਈਨ ਪਲੇਟਫਾਰਮਜ਼ ਵੱਲ ਹੀ ਲੋਕ ਰੁਖ ਕਰ ਰਹੇ ਹਨ।