ਮਹਿਲਾ ਮੁਲਾਜ਼ਮ ਨੂੰ ਤੀਜੇ ਬੱਚੇ ਲਈ ਦਿੱਤੀ ਜਾਏ ਇਕ ਸਾਲ ਦੀ ਜਣੇਪਾ ਛੁੱਟੀ : ਮਦਰਾਸ ਹਾਈ ਕੋਰਟ
Saturday, Mar 26, 2022 - 12:54 PM (IST)

ਚੇਨਈ– ਮਦਰਾਸ ਹਾਈ ਕੋਰਟ ਨੇ ਸ਼ੁੱਕਰਵਾਰ ਕਿਹਾ ਕਿ ਪਹਿਲੇ ਵਿਆਹ ਤੋਂ ਪੈਦਾ 2 ਬੱਚਿਆਂ ਨੂੰ ਜ਼ਿੰਦਾ ਨਾਬਾਲਗ ਕਰਾਰ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਉਹ ਵੱਖ ਹੋ ਚੁੱਕੇ ਪਹਿਲੇ ਪਤੀ ਨਾਲ ਰਹਿੰਦੇ ਹਨ। ਇਸ ਦੇ ਨਾਲ ਹੀ ਅਦਾਲਤ ਨੇ ਤਾਮਿਲਨਾਡੂ ਸਰਕਾਰ ਨੂੰ ਨਿਰਦੇਸ਼ ਦਿੱਤਾ ਕਿ ਉਹ ਮਹਿਲਾ ਮੁਲਾਜ਼ਮ ਨੂੰ ਦੂਜੇ ਵਿਆਹ ਤੋਂ ਹੋਣ ਵਾਲੇ ਤੀਜੇ ਬੱਚੇ ਲਈ ਇਕ ਸਾਲ ਦੀ ਜਣੇਪਾ ਛੁੱਟੀ ਦੇਵੇ।
ਮਾਣਯੋਗ ਜੱਜ ਵੀ. ਪਾਰਥੀਬਨ ਨੇ ਇਹ ਫੈਸਲਾ ਉਮਾ ਦੇਵੀ ਦੀ ਰਿਟ ਪਟੀਸ਼ਨ ’ਤੇ ਸੁਣਾਇਆ। ਉਮਾ ਦੇਵੀ ਨੇ 28 ਅਗਸਤ 2021 ਨੂੰ ਧਰਮਪੁਰੀ ਜ਼ਿਲੇ ਦੇ ਮੁੱਖ ਸਿੱਖਿਆ ਅਧਿਕਾਰੀ ਦਾ ਹੁਕਮ ਰੱਦ ਕਰਨ ਅਤੇ ਸਬੰਧਤ ਅਧਿਕਾਰੀਆਂ ਨੂੰ 11 ਅਕਤੂਬਰ 2021 ਤੋਂ 10 ਅਕਤੂਬਰ 2022 ਤੱਕ ਪੂਰੀ ਤਨਖਾਹ ਅਤੇ ਸਭ ਲਾਭ ਨਾਲ ਜਣੇਪਾ ਛੁੱਟੀ ਦੇਣ ਦਾ ਨਿਰਦੇਸ਼ ਦੇਣ ਦੀ ਬੇਨਤੀ ਕੀਤੀ ਸੀ। ਉਮਾ ਦੇਵੀ ਨੇ 2006 ਵਿਚ ਏ. ਸੁਰੇਸ਼ ਨਾਮੀ ਵਿਅਕਤੀ ਨਾਲ ਪਹਿਲਾ ਵਿਆਹ ਕੀਤਾ ਸੀ ਅਤੇ ਉਸਦੇ 2 ਬੱਚੇ ਹੋਏ ਪਰ 2017 ਵਿਚ ਉਸਦਾ ਸੁਰੇਸ਼ ਨਾਲ ਤਲਾਕ ਹੋ ਗਿਆ।
ਉਸ ਨੇ ਅਗਲੇ ਸਾਲ ਰਾਜ ਕੁਮਾਰ ਨਾਲ ਦੂਜਾ ਵਿਆਹ ਕੀਤਾ ਅਤੇ ਬਾਅਦ ਵਿਚ ਜਣੇਪਾ ਛੁੱਟੀ ਲਈ ਅਰਜ਼ੀ ਿਦੱਤੀ ਪਰ 28 ਅਗਸਤ 2021 ਨੂੰ ਧਰਮਪੁਰੀ ਜ਼ਿਲੇ ਦੇ ਮੁੱਖ ਸਿੱਖਿਆ ਅਧਿਕਾਰੀ ਨੇ ਉਸ ਦੀ ਅਰਜ਼ੀ ਨੂੰ ਇਸ ਆਧਾਰ ’ਤੇ ਰੱਦ ਕਰ ਦਿੱਤਾ ਕਿ ਜਣੇਪਾ ਛੁੱਟੀ ਦਾ ਲਾਭ 2 ਔਲਾਦਾਂ ਲਈ ਦਿੱਤਾ ਜਾ ਸਕਦਾ ਹੈ ਅਤੇ ਦੁਬਾਰਾ ਵਿਆਹ ਕਰਨ ’ਤੇ ਤੀਜੀ ਔਲਾਦ ਲਈ ਜਣੇਪਾ ਛੁੱਟੀ ਦੀ ਕੋਈ ਵਿਵਸਥਾ ਨਹੀਂ।