ਚਾਹ ਵੇਚਣ ਵਾਲੇ ਦੀ ਧੀ ਬਣੀ IAF ''ਚ ਫਲਾਇੰਗ ਅਫ਼ਸਰ, ਪਿਤਾ ਬੋਲੇ- ''ਮੈਨੂੰ ਮਾਣ ਹੈ''

06/22/2020 12:17:15 PM

ਨੀਮਚ- ਕਹਿੰਦੇ ਨੇ ਸੁਫ਼ਨੇ ਹਰ ਕੋਈ ਵੇਖਦਾ ਹੈ ਅਤੇ ਇਨ੍ਹਾਂ ਨੂੰ ਪੂਰਾ ਕਰਨ ਦਾ ਹੌਂਸਲਾ ਵਿਰਲਾ ਹੀ ਕਰਦਾ ਹੈ। ਕੁੱਝ ਵੱਖਰਾ ਕਰ ਕੇ ਵਿਖਾਉਣ 'ਚ ਦੇਸ਼ ਦੀਆਂ ਧੀਆਂ ਪਿੱਛੇ ਨਹੀਂ ਹਨ। ਕੁਝ ਅਜਿਹੀ ਹੀ ਹੈ, ਦੇਸ਼ ਦੀ ਇਹ ਧੀ ਜਿਸ ਨੇ ਆਪਣੇ ਪਿਤਾ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ। ਮੱਧ ਪ੍ਰਦੇਸ਼ ਦੇ ਨੀਮਚ ਜ਼ਿਲੇ ਦੀ ਰਹਿਣ ਵਾਲੀ ਆਂਚਲ ਗੰਗਵਾਲ ਭਾਰਤੀ ਹਵਾਈ ਫ਼ੌਜ 'ਚ ਫਲਾਇੰਗ ਅਫ਼ਸਰ ਬਣ ਗਈ ਹੈ।  ਉਸ ਦਾ ਇਹ ਹੌਂਸਲਾ ਅਤੇ ਇਸ ਮੁਕਾਮ ਤੱਕ ਪੁੱਜਣਾ ਵਾਕਿਆ 'ਚ ਵੀ ਕਾਬਿਲ-ਏ-ਤਾਰੀਫ਼ ਹੈ, ਕਿਉਂਕਿ ਉਹ ਇਕ ਚਾਹ ਵੇਚਣ ਵਾਲੇ ਦੀ ਧੀ ਹੈ। ਸੁਰੇਸ਼ ਗੰਗਵਾਲ ਜੋ ਕਿ ਨੀਮਚ 'ਚ ਚਾਹ ਦਾ ਸਟਾਲ ਲਾਉਂਦੇ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਮੈਂ ਆਪਣੀ ਧੀ ਨੂੰ ਟੀ. ਵੀ. 'ਤੇ ਦੇਖਿਆ ਕਿ ਉਹ ਫਲਾਇੰਗ ਅਫ਼ਸਰ ਬਣ ਗਈ ਹੈ ਤਾਂ ਮੇਰੀਆਂ ਅੱਖਾਂ 'ਚ ਹੰਝੂ ਆ ਗਏ ਅਤੇ ਮਾਣ ਹੋਇਆ। ਮੇਰੀ ਧੀ ਨੇ ਉਹ ਕਰ ਵਿਖਾਇਆ ਹੈ, ਜਿਸ ਦਾ ਕਦੇ ਉਸ ਨੇ ਸੁਫ਼ਨਾ ਦੇਖਿਆ ਸੀ। ਮੈਨੂੰ ਆਪਣੀ ਬੱਚੀ ਦੀ ਸਫ਼ਲਤਾ 'ਤੇ ਮਾਣ ਹੈ। ਮੇਰੀ ਜ਼ਿੰਦਗੀ 'ਚ ਖੁਸ਼ੀ ਦੇ ਘੱਟ ਮੌਕੇ ਆਏ ਹਨ ਪਰ ਕਦੇ ਨਾ ਹਾਰ ਮੰਨਣ ਵਾਲੀ ਧੀ ਨੇ ਇਹ ਸਾਬਿਤ ਕਰ ਦਿੱਤਾ ਕਿ ਮੇਰਾ ਹਰ ਸੰਘਰਸ਼ ਦੇ ਪਸੀਨੇ ਦੀਆਂ ਬੂੰਦਾਂ ਕਿਸੇ ਮੋਤੀ ਤੋਂ ਘੱਟ ਨਹੀਂ। 

PunjabKesari

ਦੱਸ ਦੇਈਏ ਕਿ ਆਂਚਲ ਗੰਗਵਾਲ ਭਾਰਤੀ ਹਵਾਈ ਫ਼ੌਜ ਅਕੈਡਮੀ ਤੋਂ ਗਰੈਜੂਏਟ ਹੋਈ ਹੈ। ਆਂਚਲ ਮੁਤਾਬਕ ਉਸ ਨੇ ਨੀਮਚ ਦੇ ਇਕ ਸਰਕਾਰੀ ਡਿਗਰੀ ਕਾਲਜ ਤੋਂ ਕੰਪਿਊਟਰ ਸਾਇੰਸ ਦੀ ਗਰੈਜੂਏਟ ਕੀਤੀ। ਜਿਸ ਤੋਂ ਬਾਅਦ ਉਹ ਮੱਧ ਪ੍ਰਦੇਸ਼ ਪੁਲਸ ਮਹਿਕਮੇ ਵਿਚ ਸਬ-ਇੰਸਪੈਕਟਰ ਵਜੋਂ ਸ਼ਾਮਲ ਹੋਈ। ਬਾਅਦ ਵਿਚ ਉਸ ਨੇ ਲੇਬਰ ਇੰਸਪੈਕਟਰ ਵਜੋਂ ਮੈਰਿਟ ਆਉਣ ਤੋਂ ਬਾਅਦ ਨੌਕਰੀ ਛੱਡ ਦਿੱਤੀ। ਆਂਚਲ ਨੇ ਅੱਗੇ ਦੱਸਿਆ ਕਿ ਫ਼ੌਜ 'ਚ ਭਰਤੀ ਹੋਣ ਤੋਂ ਪਹਿਲਾਂ 8 ਮਹੀਨੇ ਉੱਥੇ ਕੰਮ ਕੀਤਾ। ਗਰੈਜੂਏਸ਼ਨ ਹੋਣ ਤੋਂ ਬਾਅਦ ਏਅਰ ਫੋਰਸ ਕਾਮਨ ਐਡਮਿਸ਼ਨ ਟੈਸਟ (ਏ. ਐੱਫ. ਸੀ. ਏ. ਟੀ.) ਲਈ ਅਪਲਾਈ ਕੀਤਾ। ਉਸ ਨੇ ਇਸ ਕੋਸ਼ਿਸ਼ ਲਈ ਐੱਸ. ਐੱਸ. ਬੀ. ਵਿਚ ਸਿਫਾਰਿਸ਼ ਕੀਤੀ। 

PunjabKesari

ਏ. ਐੱਫ. ਸੀ. ਏ. ਟੀ. ਟੈਸਟ 'ਚ 2018 'ਚ ਸਫਲਤਾ ਤੋਂ ਬਾਅਦ ਉਹ ਫਾਈਟਰ ਜੈੱਟ ਪਾਇਲਟ ਦੀ ਸਿਖਲਾਈ ਲਈ ਹੈਦਰਾਬਾਦ ਗਈ ਸੀ। ਅੱਜ ਆਂਚਲ ਫਲਾਇੰਗ ਅਫ਼ਸਰ ਬਣ ਗਈ ਹੈ। ਪਿਤਾ ਸੁਰੇਸ਼ ਨੇ ਚਾਹ ਵੇਚ ਕੇ ਧੀ ਆਂਚਲ ਦੇ ਸੁਫ਼ਨਿਆਂ ਨੂੰ ਉੱਡਾਣ ਦਿੱਤੀ। ਦਰਅਸਲ ਆਂਚਲ ਨੂੰ ਹਵਾਈ ਫ਼ੌਜ ਵਿਚ ਜਾਣ ਦੀ ਪ੍ਰੇਰਣਾ 2013 ਦੀ ਇਕ ਘਟਨਾ ਤੋਂ ਮਿਲੀ। ਆਂਚਲ ਨੇ ਦੱਸਿਆ ਕਿ 2013 ਵਿਚ ਉੱਤਰਾਖੰਡ 'ਚ ਹੜ੍ਹ ਆਇਆ ਸੀ। ਇਸ ਦੌਰਾਨ ਭਾਰਤੀ ਹਵਾਈ ਫ਼ੌਜ ਨੇ ਬਚਾਅ ਮੁਹਿੰਮ ਨੂੰ ਬਾਖੂਬੀ ਅੰਜ਼ਾਮ ਦਿੱਤਾ। ਇਸ ਕੰਮ ਨੂੰ ਟੀ. ਵੀ. 'ਤੇ ਦੇਖ ਕੇ ਹੀ ਉਸ ਨੇ ਹਵਾਈ ਫ਼ੌਜ ਵਿਚ ਜਾਣ ਦਾ ਮਨ ਬਣਾਇਆ ਸੀ। ਆਂਚਲ ਦੱਸਦੀ ਹੈ ਕਿ ਕਦੇ ਵੀ ਉਨ੍ਹਾਂ ਦੇ ਮਾਪਿਆਂ ਨੇ ਇਸ ਗੱਲ 'ਤੇ ਇੰਤਰਾਜ਼ ਨਹੀਂ ਕੀਤਾ ਕਿ ਇਕ ਕੁੜੀ ਕਿਵੇਂ ਏਅਰ ਫੋਰਸ ਵਿਚ ਸ਼ਾਮਲ ਹੋਣ ਦੇ ਆਪਣੇ ਸੁਫ਼ਨੇ ਨੂੰ ਪੂਰਾ ਕਰੇਗੀ। ਆਂਚਲ ਨੇ ਕਿਹਾ ਕਿ ਜਦੋਂ ਮੈਂ ਆਪਣੇ ਮਾਪਿਆਂ ਨਾਲ ਡਿਫੈਂਸ 'ਚ ਜਾਣ ਦੀ ਗੱਲ ਦੱਸੀ ਤਾਂ ਉਨ੍ਹਾਂ ਨੂੰ ਥੋੜ੍ਹੀ ਜਿਹੀ ਚਿੰਤਾ ਹੋਈ ਪਰ ਉਨ੍ਹਾਂ ਨੇ ਕਦੇ ਵੀ ਮੈਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਇੰਨਾ ਹੀ ਨਹੀਂ ਉਹ ਹਮੇਸ਼ਾ ਮੇਰੀ ਜ਼ਿੰਦਗੀ ਵਿਚ ਇਕ ਢਾਲ ਬਣ ਕੇ ਖੜ੍ਹੇ ਰਹੇ। 


Tanu

Content Editor

Related News