PM ਮੋਦੀ ਨੇ 5 ਵੰਦੇ ਭਾਰਤ ਐਕਸਪ੍ਰੈੱਸ ਟਰੇਨਾਂ ਨੂੰ ਦਿਖਾਈ ਹਰੀ ਝੰਡੀ
Tuesday, Jun 27, 2023 - 11:38 AM (IST)
ਭੋਪਾਲ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੱਧ ਪ੍ਰਦੇਸ਼, ਕਰਨਾਟਕ, ਮਹਾਰਾਸ਼ਟਰ, ਗੋਆ, ਬਿਹਾਰ ਅਤੇ ਝਾਰਖੰਡ 'ਚ ਰੇਲ ਸੰਪਰਕ ਵਧਾਉਣ ਲਈ ਮੰਗਲਵਾਰ ਨੂੰ 5 ਵੰਦੇ ਭਾਰਤ ਟਰੇਨਾਂ ਨੂੰ ਇੱਥੇ ਹਰੀ ਝੰਡੀ ਦਿਖਾਈ। ਪ੍ਰਧਾਨ ਮੰਤਰੀ ਅੱਜ ਸਵੇਰੇ ਹੀ ਇੱਥੇ ਪਹੁੰਚੇ ਸਨ। ਉਨ੍ਹਾਂ ਦਾ ਹੈਲੀਕਾਪਟਰ ਤੋਂ ਰਾਣੀ ਕਮਲਾਪਤੀ ਰੇਲਵੇ ਸਟੇਸ਼ਨ ਪਹੁੰਚਣ ਦਾ ਪ੍ਰੋਗਰਾਮ ਸੀ ਪਰ ਖ਼ਰਾਬ ਮੌਸਮ ਕਾਰਨ ਉਹ ਸੜਕ ਮਾਰਗ ਤੋਂ ਪ੍ਰੋਗਰਾਮ ਵਾਲੀ ਜਗ੍ਹਾ ਰਵਾਨਾ ਹੋਏ। ਪ੍ਰਧਾਨ ਮੰਤਰੀ ਨੇ ਰਾਣੀ ਕਮਲਾਪਤੀ ਰੇਲਵੇ ਸਟੇਸ਼ਨ ਪਹੁੰਚਣ ਤੋਂ ਬਾਅਦ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਪ੍ਰਮੁੱਖ ਸ਼ਹਿਰਾਂ ਦਰਮਿਆਨ 5 ਵੰਦੇ ਭਾਰਤ ਐਕਸਪ੍ਰੈੱਸ ਟਰੇਨ ਨੂੰ ਸਿੱਧੇ ਅਤੇ ਡਿਜੀਟਲ ਤਰੀਕੇ ਨਾਲ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਪਹਿਲੀ ਵਾਰ ਇਕ ਦਿਨ 'ਚ ਇੰਨੀ ਗਿਣਤੀ 'ਚ ਵੰਦੇ ਭਾਰਤ ਟਰੇਨ ਨੂੰ ਹਰੀ ਝੰਡੀ ਦਿਖਾਈ ਗਈ। ਪੀ.ਐੱਮ. ਮੋਦੀ ਨੇ ਸੋਮਵਾਰ ਨੂੰ ਟਵੀਟ ਕੀਤਾ ਸੀ,''ਇਹ ਟਰੇਨ ਮੱਧ ਪ੍ਰਦੇਸ਼, ਕਰਨਾਟਕ, ਮਹਾਰਾਸ਼ਟਰ, ਗੋਆ, ਬਿਹਾਰ ਅਤੇ ਝਾਰਖੰਡ ਦਰਮਿਆਨ ਸੰਪਰਕ ਨੂੰ ਵਧਾਏਗੀ।'' ਪ੍ਰਧਾਨ ਮੰਤਰੀ ਦਫ਼ਤਰ (ਪੀ.ਐੱਮ.ਓ.) ਵਲੋਂ ਸੋਮਵਾਰ ਨੂੰ ਜਾਰੀ ਇਕ ਬਿਆਨ ਅਨੁਸਾਰ, ਇਨ੍ਹਾਂ 5 ਟਰੇਨਾਂ 'ਚ ਰਾਣੀ ਕਮਲਾਪਤੀ-ਜਬਲਪੁਰ ਵੰਦੇ ਭਾਰਤ ਐਕਸਪ੍ਰੈੱਸ, ਖਜੁਰਾਹੋ-ਭੋਪਾਲ-ਇੰਦੌਰ ਵੰਦੇ ਭਾਰਤ ਐਕਸਪ੍ਰੈੱਸ, ਮਡਗਾਂਵ (ਗੋਆ)- ਮੁੰਬਈ ਵੰਦੇ ਭਾਰਤ ਐਕਸਪ੍ਰੈੱਸ, ਧਾਰਵਾੜ-ਬੈਂਗਲੁਰੂ ਵੰਦੇ ਭਾਰਤ ਐਕਸਪ੍ਰੈੱਸ ਅਤੇ ਰਾਂਚੀ-ਪਟਨਾ ਵੰਦੇ ਭਾਰਤ ਐਕਸਪ੍ਰੈੱਸ ਸ਼ਾਮਲ ਹਨ।