ਡਾਕਟਰ ਦੀ ਕੁਰਸੀ ''ਤੇ ਬੈਠਾ ਮਾਨਸਿਕ ਰੋਗੀ, ਕਈ ਮਰੀਜ਼ਾਂ ਦਾ ਕੀਤਾ ਇਲਾਜ

2/22/2020 10:39:21 AM

ਭੋਪਾਲ— ਮੱਧ ਪ੍ਰਦੇਸ਼ ਦੇ ਛੱਤਰਪੁਰ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਮਾਨਸਿਕ ਰੂਪ ਨਾਲ ਬੀਮਾਰ ਵਿਅਕਤੀ ਨਾ ਸਿਰਫ਼ ਡਾਕਟਰ ਦੀ ਕੁਰਸੀ 'ਤੇ ਬੈਠ ਗਿਆ ਸਗੋਂ ਮਰੀਜ਼ਾਂ ਦਾ 'ਚੈਕਅੱਪ' ਵੀ ਕੀਤਾ। ਇੰਨਾ ਹੀ ਨਹੀਂ, ਉਸ ਨੇ ਉਨ੍ਹਾਂ ਮਰੀਜ਼ਾਂ ਨੂੰ ਬਕਾਇਦਾ ਦਵਾਈ ਵੀ ਲਿਖ ਦਿੱਤੀ। ਮਾਮਲਾ ਛੱਤਰਪੁਰ ਦੇ ਜ਼ਿਲਾ ਹਸਪਤਾਲ ਦਾ ਹੈ, ਜਿੱਥੇ ਡਾਕਟਰ ਹਿਮਾਂਸ਼ੂ ਬਾਥਮ ਦਾ ਚੈਂਬਰ ਖਾਲੀ ਦੇਖ ਇਕ ਮਾਨਸਿਕ ਰੋਗੀ ਇੱਥੇ ਪਹੁੰਚ ਗਿਆ ਅਤੇ ਡਾਕਟਰ ਦੀ ਖਾਲੀ ਕੁਰਸੀ 'ਤੇ ਬੈਠ ਗਿਆ। ਮਰੀਜ਼ ਵੀ ਉਸ ਬਜ਼ੁਰਗ ਵਿਅਕਤੀ ਨੂੰ ਡਾਕਟਰ ਸਮਝ ਬੈਠੇ ਅਤੇ ਆਪਣੀਆਂ ਸਮੱਸਿਆਵਾਂ ਦੱਸਣ ਲੱਗੇ। ਉਸ ਵਿਅਕਤੀ ਨੇ ਵੀ ਕਿਸੇ ਨੂੰ ਨਿਰਾਸ਼ ਨਹੀਂ ਕੀਤਾ ਅਤੇ ਮਰੀਜ਼ਾਂ ਦਾ ਚੈਕਅੱਪ ਕਰ ਕੇ ਦਵਾਈਆਂ ਲਿਖਦਾ ਰਿਹਾ।

ਫਰਾਟੇਦਾਰ ਅੰਗਰੇਜ਼ੀ ਬੋਲ ਰਿਹਾ ਸੀ
ਮਰੀਜ਼ ਜਦੋਂ ਲਾਲ ਪੇਨ ਨਾਲ ਲਿਖੇ ਪਰਚੇ ਲੈ ਕੇ ਵੱਡੀ ਗਿਣਤੀ 'ਚ ਹਸਪਤਾਲ ਦੇ ਮੈਡੀਕਲ ਸਟੋਰ 'ਤੇ ਪੁੱਜੇ ਤਾਂ ਸਟਾਫ਼ ਨੂੰ ਸ਼ੱਕ ਹੋਇਆ। ਸਟਾਫ ਨੇ ਡਾਕਟਰ ਦੇ ਚੈਂਬਰ 'ਚ ਜਾ ਕੇ ਦੇਖਿਆ ਤਾਂ ਮਾਮਲੇ ਦਾ ਖੁਲਾਸਾ ਹੋਇਆ। ਇਸ ਤੋਂ ਬਾਅਦ ਉਸ ਨੂੰ ਚੈਂਬਰ ਤੋਂ ਬਾਹਰ ਕੱਢਿਆ ਗਿਆ। ਮਰੀਜ਼ਾਂ ਦਾ ਕਹਿਣਾ ਹੈ ਸੀ ਕਿ ਉਹ ਇੰਨੀ ਫਰਾਟੇਦਾਰ ਅੰਗਰੇਜ਼ੀ ਬੋਲ ਰਿਹਾ ਸੀ ਕਿ ਕਿਸੇ ਨੂੰ ਸ਼ੱਕ ਹੀ ਨਹੀਂ ਹੋਇਆ।

ਅੱਧਾ ਦਰਜਨ ਮਰੀਜ਼ਾਂ ਨੂੰ ਦਵਾਈਆਂ ਲਿਖ ਕੇ ਦਿੱਤੀਆਂ
ਜਾਣਕਾਰੀ ਅਨੁਸਾਰ, ਮਾਨਸਿਕ ਰੋਗੀ ਨੇ ਕਰੀਬ ਅੱਧਾ ਦਰਜਨ ਮਰੀਜ਼ਾਂ ਨੂੰ ਦਵਾਈਆਂ ਲਿਖ ਕੇ ਦਿੱਤੀਆਂ। ਇਕ ਮਰੀਜ਼ ਭਲੂ ਯਾਦਵ ਨੇ ਕਿਹਾ,''ਉਸ ਨੇ ਮੈਨੂੰ ਬਿਲਕੁੱਲ ਡਾਕਟਰ ਦੀ ਤਰ੍ਹਾਂ ਚੈੱਕ ਕੀਤਾ ਅਤੇ ਕੁਝ ਦਵਾਈਆਂ ਲਿਖੀਆਂ।'' ਸਿਵਲ ਸਰਜਨ ਡਾ. ਤ੍ਰਿਪਾਠੀ ਨੇ ਕਿਹਾ,''ਉਸ ਦਾ ਨਾਂ ਕੋਈ ਨਹੀਂ ਜਾਣਦਾ। ਉਹ ਖੁਦ ਨੂੰ ਏਮਜ਼ ਦਾ ਡਾਕਟਰ ਦੱਸ ਰਿਹਾ ਸੀ। ਉਸ ਨੂੰ ਚੈਂਬਰ ਤੋਂ ਬਾਹਰ ਕੱਢੇ ਜਾਣ ਤੋਂ ਬਾਅਦ ਮੈਂ ਉਸ ਨਾਲ ਗੱਲ ਕੀਤੀ ਤਾਂ ਅਹਿਸਾਸ ਹੋਇਆ ਕਿ ਉਸ ਨੂੰ ਕਿਸੇ ਸਾਈਕਾਇਟ੍ਰਿਕ ਦੀ ਜ਼ਰੂਰਤ ਹੈ।'' ਮਾਮਲੇ 'ਚ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਹਨ।


DIsha

Edited By DIsha