ਮੱਧ ਪ੍ਰਦੇਸ਼: ਨੇਤਾਵਾਂ ਦੇ ਕਤਲ ਤੋਂ ਬਾਅਦ ਸੜਕਾਂ 'ਤੇ ਉਤਰੀ ਭਾਜਪਾ
Monday, Jan 21, 2019 - 01:39 PM (IST)

ਭੋਪਾਲ— ਮੱਧ ਪ੍ਰਦੇਸ਼ 'ਚ ਹਾਲ ਦੇ ਕੁਝ ਦਿਨਾਂ 'ਚ ਹੋਏ ਭਾਜਪਾ ਨੇਤਾਵਾਂ ਦੇ ਕਤਲ 'ਤੇ ਸਿਆਸਤ ਗਰਮਾ ਗਈ ਹੈ। ਗੁੱਸਾਏ ਭਾਜਪਾ ਵਰਕਰ ਸੋਮਵਾਰ ਨੂੰ ਭੋਪਾਲ 'ਚ ਸੜਕਾਂ 'ਤੇ ਉਤਰ ਆਏ। ਵਰਕਰਾਂ ਨੇ ਰਾਜ ਸਰਕਾਰ 'ਤੇ ਮਾਮਲੇ ਨੂੰ ਗੰਭੀਰਤਾ ਨਾਲ ਨਾ ਲੈਣ ਦਾ ਦੋਸ਼ ਲਗਾਉਂਦੇ ਹੋਏ ਵਿਰੋਧ ਪ੍ਰਦਰਸ਼ਨ ਕੀਤਾ। ਇਸ ਦੌਰਾਨ ਮੁੱਖ ਮੰਤਰੀ ਕਮਲਨਾਥ ਦੇ ਪੁਤਲੇ ਫੂਕੇ ਗਏ ਅਤੇ ਉਨ੍ਹਾਂ ਦੀ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਜ਼ਿਕਰਯੋਗ ਹੈ ਕਿ ਮੱਧ ਪ੍ਰਦੇਸ਼ 'ਚ ਇਕ ਹਫਤੇ ਦੌਰਾਨ ਤਿੰਨ ਭਾਜਪਾ ਨੇਤਾਵਾਂ ਦਾ ਕਤਲ ਹੋ ਚੁਕਿਆ ਹੈ। ਐਤਵਾਰ ਨੂੰ ਬੜਵਾਨੀ 'ਚ ਭਾਜਪਾ ਨੇਤਾ ਮਨੋਜ ਠਾਕਰੇ ਦੇ ਕਤਲ ਤੋਂ ਬਾਅਦ ਭਾਜਪਾ ਨੇ ਕਮਲਨਾਥ ਸਰਕਾਰ 'ਤੇ ਨਿਸ਼ਾਨਾ ਸਾਧਿਆ ਸੀ। ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਪ੍ਰਦੇਸ਼ 'ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਨਸ਼ਟ ਹੋ ਗਈ ਹੈ। ਉਨ੍ਹਾਂ ਨੇ ਕਮਲਨਾਥ ਸਰਕਾਰ ਨੂੰ ਚਿਤਾਵਨੀ ਵੀ ਦਿੱਤੀ ਸੀ ਕਿ ਜੇਕਰ ਜਲਦ ਅਪਰਾਧੀ ਨਹੀਂ ਫੜੇ ਗਏ ਤਾਂ ਭਾਜਪਾ ਸੜਕ 'ਤੇ ਉਤਰ ਕੇ ਅੰਦੋਲਨ ਕਰੇਗੀ।
ਪ੍ਰਦਰਸ਼ਨ ਦੌਰਾਨ 'ਕਮਲਨਾਥ ਮੁਰਦਾਬਾਦ' ਅਤੇ 'ਕਮਲਨਾਥ ਅਸਤੀਫਾ ਦਿਓ' ਦੇ ਨਾਅਰੇ ਲਗਾਏ ਜਾ ਰਹੇ ਹਨ। ਬੜਵਾਨੀ ਦੇ ਐੱਸ.ਪੀ. ਨੇ ਦੱਸਿਆ ਸੀ ਕਿ ਐਤਵਾਰ ਨੂੰ ਭਾਜਪਾ ਨੇਤਾ ਮਨੋਜ ਠਾਕਰੇ ਦੀ ਲਾਸ਼ ਇਕ ਖੇਤ 'ਚੋਂ ਮਿਲੀ। ਪੁਲਸ ਨੇ ਦੱਸਿਆ,''ਉਹ ਸਵੇਰ ਦੀ ਸੈਰ 'ਤੇ ਗਏ ਸਨ। ਪੁਲਸ ਨੂੰ ਲਾਸ਼ ਕੋਲੋਂ ਖੂਨ ਨਾਲ ਲਿਬੜਿਆ ਪੱਥਰ ਮਿਲਿਆ। ਅਜਿਹੇ 'ਚ ਮੰਨਿਆ ਜਾ ਰਿਹਾ ਹੈ ਕਿ ਪੱਥਰ ਨਾਲ ਉਨ੍ਹਾਂ ਦਾ ਕਤਲ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਇੰਦੌਰ 'ਚ ਕਾਰੋਬਾਰੀ ਸੰਦੀਪ ਅਗਰਵਾਲ ਅਤੇ ਮੰਦਸੌਰ 'ਚ ਨਗਰ ਪਾਲਿਕਾ ਮੁਖੀ ਅਤੇ ਭਾਜਪਾ ਨੇਤਾ ਪ੍ਰਹਲਾਦ ਬੰਧਵਾਰ ਦੀ ਪਿਛਲੇ ਦਿਨੀਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਚੌਹਾਨ ਨੇ ਮੁੱਖ ਮੰਤਰੀ ਕਮਲਨਾਥ ਨੂੰ ਪੱਤਰ ਲਿਖ ਕੇ ਅਗਰਵਾਲ ਅਤੇ ਬੰਧਵਾਰ ਦੇ ਕਤਲ ਨੂੰ ਰਾਜ ਸਰਕਾਰ ਦੀ ਖਰਾਬ ਕਾਨੂੰਨ ਵਿਵਸਥਾ ਨੂੰ ਦਰਸਾਉਣ ਵਾਲਾ ਦੱਸਿਆ ਸੀ। ਚੌਹਾਨ ਨੇ ਦੋਸ਼ ਲਗਾਇਆ ਸੀ ਕਿ ਰਾਜ 'ਚ ਕਾਂਗਰਸ ਦੀ ਸਰਕਾਰ ਆਉਂਦੇ ਹੀ ਅਪਰਾਧਕ ਤੱਤਾਂ ਨੂੰ ਸਿਆਸੀ ਸੁਰੱਖਿਆ ਮਿਲਣੀ ਸ਼ੁਰੂ ਹੋ ਗਈ ਹੈ। ਅਪਰਾਧੀਆਂ ਦੇ ਹੌਂਸਲੇ ਬੁਲੰਦ ਅਤੇ ਪੁਲਸ ਦੇ ਹੌਂਸਲੇ ਢਹਿ ਗਏ ਹਨ।