ਮੱਧ ਪ੍ਰਦੇਸ਼ : ਕੋਰੋਨਾ ਪਾਜ਼ੇਟਿਵ ਜਨਾਨੀ ਨੇ ਦਿੱਤਾ ਬੱਚੀ ਨੂੰ ਜਨਮ

06/02/2020 5:09:09 PM

ਸਾਗਰ (ਭਾਸ਼ਾ)— ਮੱਧ ਪ੍ਰਦੇਸ਼ ਦੇ ਸਾਗਰ ਵਿਚ ਕੋਰੋਨਾ ਵਾਇਰਸ ਤੋਂ ਪੀੜਤ ਜਨਾਨੀ ਨੇ ਇਕ ਬੱਚੀ ਨੂੰ ਜਨਮ ਦਿੱਤਾ ਹੈ। ਡਾਕਟਰਾਂ ਨੇ ਦੱਸਿਆ ਕਿ ਬੱਚੀ ਸਿਹਤਮੰਦ ਹੈ, ਕਿਸੇ ਤਰ੍ਹਾਂ ਦੀ ਪਰੇਸ਼ਾਨੀ ਵਾਲੀ ਗੱਲ ਨਹੀਂ ਹੈ। ਕੋਵਿਡ-19 ਤੋਂ ਪੀੜਤ ਪਾਏ ਜਾਣ ਤੋਂ ਬਾਅਦ ਜਨਾਨੀ ਨੂੰ ਇੱਥੇ ਬੁੰਦੇਲਖੰਡ ਮੈਡੀਕਲ ਕਾਲਜ (ਬੀ. ਐੱਮ. ਸੀ.) ਹਸਪਤਾਲ 'ਚ ਭਰਤੀ ਕਰਾਇਆ ਗਿਆ ਸੀ। ਬੀ. ਐੱਮ. ਸੀ. ਦੇ ਡਾ. ਉਮੇਸ਼ ਪਟੇਲ ਨੇ ਮੰਗਲਵਾਰ ਨੂੰ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਡਾਕਟਰਾਂ ਦੀ ਇਕ ਟੀਮ ਨੇ ਜਨਾਨੀ ਦੀ ਡਿਲਿਵਰੀ ਕਰਵਾਈ ਹੈ। ਉਨ੍ਹਾਂ ਨੇ ਦੱਸਿਆ ਕਿ ਜਨਾਨੀ ਪਹਿਲਾਂ ਤੋਂ ਹੀ ਕੋਰੋਨਾ ਵਾਇਰਸ ਨਾਲ ਪੀੜਤ ਸੀ, ਇਸ ਲਈ ਬੱਚੀ ਦਾ ਵੀ 24 ਘੰਟਿਆਂ ਦੇ ਅੰਦਰ ਪਰੀਖਣ ਕੀਤਾ ਜਾਵੇਗਾ। ਫਿਲਹਾਲ ਜੱਚਾ-ਬੱਚਾ ਠੀਕ ਹਨ ਅਤੇ ਉਨ੍ਹਾਂ ਨੂੰ ਆਈ. ਸੀ. ਯੂ. ਵਿਚ ਰੱਖਿਆ ਗਿਆ ਹੈ। 

ਪਟੇਲ ਨੇ ਦੱਸਿਆ ਕਿ ਡਿਲਿਵਰੀ ਲਈ ਇਕ ਵਿਸ਼ੇਸ਼ ਟੀਮ ਗਠਿਤ ਕੀਤੀ ਗਈ ਸੀ। ਡਾਕਟਰਾਂ ਨੇ ਦੱਸਿਆ ਕਿ ਗਰਭਵਤੀ ਜਨਾਨੀ ਦੇ ਪਰਿਵਾਰ ਦੇ ਦੋ ਮੈਂਬਰ ਪਹਿਲਾਂ ਹੀ ਪਾਜ਼ੇਟਿਵ ਪਾਏ ਜਾ ਚੁੱਕੇ ਹਨ। ਇਸ ਤੋਂ ਬਾਅਦ ਜਨਾਨੀ ਨੂੰ ਕੁਆਰੰਟੀਨ ਕੀਤਾ ਗਿਆ ਸੀ। ਸੋਮਵਾਰ ਨੂੰ ਜਾਂਚ ਵਿਚ ਉਸ ਨੂੰ ਕੋਰੋਨਾ ਪਾਜ਼ੇਟਿਵ ਪਾਇਆ ਗਿਆ। ਸਿਹਤ ਅਧਿਕਾਰੀਆਂ ਮੁਤਾਬਕ ਸੋਮਵਾਰ ਦੀ ਸ਼ਾਮ ਤੱਕ ਸਾਗਰ ਵਿਚ ਕੋਰੋਨਾ ਵਾਇਰਸ ਦੇ ਕੁੱਲ 180 ਮਾਮਲੇ ਸਨ। ਇਨ੍ਹਾਂ 'ਚੋਂ 8 ਪੀੜਤਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 86 ਲੋਕ ਠੀਕ ਹੋ ਕੇ ਹਸਪਤਾਲਾਂ 'ਚੋਂ ਘਰ ਜਾ ਚੁੱਕੇ ਹਨ।


Tanu

Content Editor

Related News