ਹਿਮਾਚਲ ਪ੍ਰਦੇਸ਼ ''ਚ ਲੰਪੀ ਵਾਇਰਸ ਬਣਿਆ ਖ਼ਤਰਾ, ਕਈ ਗਾਵਾਂ ਦੀ ਮੌਤ

Sunday, Aug 07, 2022 - 04:19 PM (IST)

ਹਿਮਾਚਲ ਪ੍ਰਦੇਸ਼ ''ਚ ਲੰਪੀ ਵਾਇਰਸ ਬਣਿਆ ਖ਼ਤਰਾ, ਕਈ ਗਾਵਾਂ ਦੀ ਮੌਤ

ਸ਼ਿਮਲਾ (ਵਾਰਤਾ)- ਹਿਮਾਚਲ ਪ੍ਰਦੇਸ਼ ਵਿਚ ਪਸ਼ੂਆਂ ਦੀ ਮੌਤ ਦਾ ਕਾਰਨ ਬਣ ਰਿਹਾ ‘ਲੰਪੀ’ ਵਾਇਰਸ ਪੂਰੇ ਦੇਸ਼ ਵਿਚ ਪੈਰ ਪਸਾਰਨ ਲੱਗਾ ਹੈ। ਇਸ ਬੀਮਾਰੀ ਨਾਲ ਦੇਸ਼ ਭਰ ਸਮੇਤ ਸ਼ਿਮਲਾ 'ਚ ਹਲਚਲ ਮਚ ਗਈ ਹੈ। ਮੱਧ ਪ੍ਰਦੇਸ਼, ਰਾਜਸਥਾਨ, ਹਰਿਆਣਾ ਸਮੇਤ ਹੋਰ ਸੂਬਿਆਂ 'ਚ ਦਹਿਸ਼ਤ ਪੈਦਾ ਕਰਨ ਤੋਂ ਬਾਅਦ ਹੁਣ ਹਿਮਾਚਲ ਵਿਚ ਵੀ ਇਸ ਦਾ ਸੰਕਰਮਣ ਫੈਲ ਰਿਹਾ ਹੈ। ਰਾਜ ਦੀ ਰਾਜਧਾਨੀ ਸ਼ਿਮਲਾ ਦੇ ਨਾਲ ਲੱਗਦੇ ਆਨੰਦਪੁਰ ਅਤੇ ਵੱਡਾ ਗਾਓਂ ਅਤੇ ਪੰਥ ਘਾਟੀ ਖੇਤਰ 'ਚ ਇਸ ਕਾਰਨ ਦਰਜਨਾਂ ਗਾਵਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ ਕਈ ਪਸ਼ੂ ਸੰਕਰਮਿਤ ਹੋਏ ਹਨ ਅਤੇ 50 ਤੋਂ ਵੱਧ ਪਸ਼ੂਆਂ ਦੀ ਮੌਤ ਵੀ ਹੋ ਚੁੱਕੀ ਹੈ। ਲੰਪੀ ਵਾਇਰਸ ਇਕ ਤਰ੍ਹਾਂ ਦਾ ਚਮੜੀ ਰੋਗ ਹੈ। ਜਿਸ ਨੂੰ ਮੱਛਰਾਂ, ਮੱਖੀਆਂ, ਜੂਆਂ ਆਦਿ ਕਾਰਨ ਫੈਲਣ ਦਾ ਖ਼ਤਰਾ ਮੰਨਿਆ ਜਾ ਰਿਹਾ ਹੈ। ਮਵੇਸ਼ੀਆ 'ਚ ਇਕ-ਦੂਜੇ ਦੇ ਸੰਪਰਕ 'ਚ ਆਉਣ ਨਾਲ ਇਹ ਬੀਮਾਰੀ ਜਾਨਵਰਾਂ 'ਚ ਫੈਲ ਸਕਦੀ ਹੈ। ਇਹ ਬੀਮਾਰੀ ਜਾਨਲੇਵਾ ਹੈ। ਇਹੀ ਕਾਰਨ ਹੈ ਕਿ ਇਸ ਨਾਲ ਜਾਨਵਰਾਂ ਦੀ ਮੌਤ ਹੋ ਰਹੀ ਹੈ। ਹੁਣ ਤੱਕ ਇਹ ਬੀਮਾਰੀ ਦੁਧਾਰੂ ਗਾਵਾਂ ਨੂੰ ਮੌਤ ਦੀ ਨੀਂਦ ਸੁਆ ਰਹੀ ਹੈ। ਹਾਲਾਂਕਿ ਰਾਹਤ ਭਰੀ ਗੱਲ ਇਹ ਹੈ ਕਿ ਇਸ ਬੀਮਾਰੀ ਦੇ ਇਨਸਾਨਾਂ 'ਚ ਫੈਲਣ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਹੁਣ ਦੇਖਣਾ ਹੈ ਕਿ ਪਸ਼ੂ ਪਾਲਣ ਵਿਭਾਗ ਇਸ ਦੀ ਰੋਕਥਾਮ ਲਈ ਕੀ ਕਦਮ ਚੁੱਕਦਾ ਹੈ। 

ਇਹ ਵੀ ਪੜ੍ਹੋ : ਰਾਜਸਥਾਨ ’ਚ 1 ਦਿਨ ’ਚ 2100 ਗਾਵਾਂ ਦੀ ਲੰਪੀ ਸਕਿਨ ਦੀ ਬੀਮਾਰੀ ਕਾਰਨ ਮੌਤ

ਨਾਹਨ ਸਥਿਤ ਪਸ਼ੂ ਪਾਲਣ ਵਿਭਾਗ ਦੀ ਡਿਪਟੀ ਡਾਇਰੈਕਟਰ ਨੀਰੂ ਸ਼ਬਨਮ ਨੇ ਦੱਸਿਆ ਕਿ ਜ਼ਿਲ੍ਹਾ ਸਿਰਮੌਰ ਦੇ ਰਾਜਗੜ੍ਹ ਬਲਾਕ ਦੇ ਅਧੀਨ ਨੈਨਾ ਟਿੱਕਰ ਅਤੇ ਨਾਰਗ, ਨਾਹਨ ਬਲਾਕ ਦੇ ਅਧੀਨ ਕਾਲਾਅੰਬ ਸੈਨਵਾਲਾ ਅਤੇ ਸ਼ੰਭੂਵਾਲਾ ਦੇ ਪਸ਼ੂਆਂ 'ਚ ਸੰਕਰਮਣ ਦੀ ਪੁਸ਼ਟੀ ਹੋ ਚੁਕੀ ਹੈ। ਉਨ੍ਹਾਂ ਦੱਸਿਆ  ਕਿ ਇਹ ਰੋਗ ਇਕ ਵਾਇਰਸ ਕਾਰਨ ਮਵੇਸ਼ੀਆਂ 'ਚ ਫੈਲਦਾ ਹੈ। ਇਸ ਵਾਇਰਸ ਨੂੰ ਐੱਲ.ਐੱਸ.ਡੀ.ਵੀ. ਵੀ ਕਿਹਾ ਜਾਂਦਾ ਹੈ। ਉਨ੍ਹਾਂ ਨੇ ਇਸ ਵਾਇਰਸ ਦੇ ਲੱਛਣਾਂ ਬਾਰੇ ਦੱਸਦੇ ਹੋਏ ਕਿਹਾ ਕਿ ਇਸ ਵਾਇਰਸ ਦੇ ਫ਼ੈਲਣ ਨਾਲ ਪਸ਼ੂਆਂ ਨੂੰ 105 ਤੋਂ 107 ਡਿਗਰੀ ਸੈਲਸੀਅਸ ਤੇਜ਼ ਬੁਖ਼ਾਰ ਹੋ ਸਕਦਾ ਹੈ। ਇਸ ਦੇ ਅਧੀਨ ਪਸ਼ੂਆਂ ਦੇ ਸਰੀਰ 'ਚ ਨਿਸ਼ਾਨ ਬਣਦੇ ਹਨ ਅਤੇ ਬਾਅਦ 'ਚ ਨਿਸ਼ਾਨ ਜ਼ਖ਼ਮ ਬਣ ਜਾੰਦੇ ਹਨ। ਉਨ੍ਹਾਂ ਦੱਸਿਆ ਕਿ ਪਸ਼ੂਆਂ ਦੇ ਮੂੰਹ 'ਚੋਂ ਲਾਰ ਟਪਕਣ ਲੱਗਦੀ ਹੈ। ਸੁਸ਼੍ਰੀ ਸ਼ਬਨਮ ਨੇ ਦੱਸਿਆ ਕਿ ਪਸ਼ੂ ਪਾਲਕਾਂ ਨੂੰ ਆਪਣੇ ਪਸ਼ੂਆਂ ਨੂੰ ਸੰਕ੍ਰਮਿਤ ਪਸ਼ੂਆਂ ਨੂੰ ਦੂਰ ਰੱਖਣਾ ਚਾਹੀਦਾ। ਲੰਪੀ ਚਮੜੀ ਰੋਗ ਤੋਂ ਪਸ਼ੂਆਂ ਨੂੰ ਬਚਾਉਣ ਲਈ ਘਰ 'ਤੇ ਹੀ ਮੌਜੂਦ ਚੀਜ਼ਾਂ ਦੀ ਮਦਦ ਨਾਲ ਰਵਾਇਤੀ ਢੰਗ ਅਪਣਾਉਂਦੇ ਹੋਏ ਖੁਰਾਕ ਤਿਆਰ ਕਰਨੀ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਖੁਰਾਕ ਨੂੰ ਤਿਆਰ ਕਰਨ ਲਈ ਪਸ਼ੂ ਪਾਲਕਾਂ ਨੂੰ ਪਾਨ ਦੇ 10 ਪੱਤੇ, 10 ਗ੍ਰਾਮ ਕਾਲੀ ਮਿਰਚ, 10 ਗ੍ਰਾਮ ਲੂਣ ਅਤੇ ਗੁੜ ਨੂੰ ਪੀਸ ਕੇ ਇਕ ਖੁਰਾਕ ਤਿਆਰ ਕਰਨੀ ਹੋਵੇਗੀ ਅਤੇ ਉਸ ਨੂੰ ਘੱਟੋ-ਘੱਟ ਇਕ ਘੰਟੇ ਦੇ ਅੰਤਰਾਲ 'ਤੇ ਪਸ਼ੂਆਂ ਨੂੰ ਵਾਰ-ਵਾਰ ਖੁਆਉਣਾ ਹੋਵੇਗਾ ਤਾਂ ਕਿ ਜਾਨਵਰਾਂ ਨੂੰ ਬਚਾਇਆ ਜਾ ਸਕੇ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News