‘ਲੰਪੀ ਸਕਿਨ ਰੋਗ’ ਨੇ ਖੋਹ ਲਈ ਹਜ਼ਾਰਾਂ ਬੇਜ਼ੁਬਾਨ ਪਸ਼ੂਆਂ ਦੀ ਜ਼ਿੰਦਗੀ, ਇੰਝ ਕਰੋ ਬਚਾਅ
Monday, Aug 22, 2022 - 11:34 AM (IST)
ਨਵੀਂ ਦਿੱਲੀ- ਦੇਸ਼ ਭਰ ’ਚ ਲੰਪੀ ਸਕਿਨ ਰੋਗ ਦਾ ਕਹਿਰ ਜਾਰੀ ਹੈ। ਹੁਣ ਤੱਕ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਸੈਂਕੜੇ ਬੇਜ਼ੁਬਾਨ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ। ਦੇਸ਼ ਦੇ 8 ਸੂਬਿਆਂ ਅਤੇ ਇਕ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਹੁਣ ਤੱਕ 7300 ਤੋਂ ਵੱਧ ਪਸ਼ੂਆਂ ਦੀ ‘ਲੰਪੀ ਸਕਿਨ’ ਕਾਰਨ ਮੌਤ ਹੋ ਚੁੱਕੀ ਹੈ। ਇਸ ਲਾਗ ਨੂੰ ਕੰਟਰੋਲ ’ਚ ਕਰਨ ਲਈ ਟੀਕਾਕਰਨ ਦੀ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਲੰਪੀ ਸਕਿਨ ਬੀਮਾਰੀ ਨਾਲ ਪੀੜਤ ਪਸ਼ੂਆਂ ਦਾ ਅੰਕੜਾ 1 ਲੱਖ ਤੱਕ ਪੁੱਜਾ, ਹੁਣ ਤੱਕ 7000 ਪਸ਼ੂਆਂ ਦੀ ਮੌਤ
ਬੰਗਲਾਦੇਸ਼ ’ਚ ਹੋਇਆ ਲੰਪੀ ਸਕਿਨ ਰੋਗ ਦਾ ਜਨਮ
ਇਹ ਬੀਮਾਰੀ ਬੰਗਲਾਦੇਸ਼ ਵਿਚ ਜੁਲਾਈ 2019 ’ਚ ਸਾਹਮਣੇ ਆਈ ਸੀ। ਜਾਣਕਾਰੀ ਮੁਤਾਬਕ 2019 ’ਚ ਭਾਰਤ ਦੇ ਪੂਰਬੀ ਰਾਜਾਂ ਖਾਸ ਕਰ ਕੇ ਪੱਛਮੀ ਬੰਗਾਲ ਅਤੇ ਓਡਿਸ਼ਾ ’ਚ ਉਕਤ ਬੀਮਾਰੀ ਦੇ ਮਾਮਲੇ ਸਾਹਮਣੇ ਆਏ ਸਨ ਪਰ ਇਸ ਸਾਲ ਇਹ ਬੀਮਾਰੀ ਪੱਛਮੀ ਤੇ ਉੱਤਰੀ ਰਾਜਾਂ ਅਤੇ ਅੰਡੇਮਾਨ-ਨਿਕੋਬਾਰ ਵਿਚ ਵੀ ਸਾਹਮਣੇ ਆਈ ਹੈ। ਗੁਜਰਾਤ ’ਚ ਪਹਿਲੀ ਵਾਰ ਇਸ ਬੀਮਾਰੀ ਦਾ ਪਤਾ ਲਾਇਆ ਗਿਆ ਸੀ ।
ਲੰਪੀ ਸਕਿਨ ਰੋਗ ਨਾਲ ਦੇਸ਼ ਭਰ ’ਚ ਪਸ਼ੂ ਪ੍ਰਭਾਵਿਤ
ਹੁਣ ਇਹ ਬੀਮਾਰੀ 8 ਸੂਬਿਆਂ ਅਤੇ ਇਕ ਕੇਂਦਰ ਸ਼ਾਸਤ ਪ੍ਰਦੇਸ਼ ’ਚ ਫੈਲ ਗਈ ਹੈ। ਜੁਲਾਈ ਤੋਂ ਹੁਣ ਤੱਕ 1.85 ਲੱਖ ਪਸ਼ੂ ਇਸ ਦਾ ਸ਼ਿਕਾਰ ਹੋ ਚੁੱਕੇ ਹਨ। ਪੰਜਾਬ ਵਿਚ ਕਰੀਬ 74,325, ਗੁਜਰਾਤ ’ਚ 58,546, ਰਾਜਸਥਾਨ ’ਚ 43,962, ਜੰਮੂ-ਕਸ਼ਮੀਰ ’ਚ 6,385, ਉੱਤਰਾਖੰਡ ’ਚ 1300, ਹਿਮਾਚਲ ਪ੍ਰਦੇਸ਼ ’ਚ 532 ਅਤੇ ਅੰਡੇਮਾਨ- ਨਿਕੋਬਾਰ ’ਚ 260 ਪਸ਼ੂਆਂ ਨੂੰ ਇਹ ਬੀਮਾਰੀ ਹੈ।
ਇਹ ਵੀ ਪੜ੍ਹੋ- ਪੰਜਾਬ ’ਚ ਵਧ ਰਹੀ ‘ਲੰਪੀ ਸਕਿਨ’ ਦੀ ਬੀਮਾਰੀ ਨੂੰ ਲੈ ਕੇ ਹਾਈਕੋਰਟ ਦੀ ਸਖ਼ਤੀ, ਦਿੱਤੇ ਇਹ ਹੁਕਮ
ਕਿਵੇਂ ਫੈਲਦੀ ਹੈ ਇਹ ਬੀਮਾਰੀ
ਦੱਸ ਦੇਈਏ ਕਿ ਲੰਪੀ ਸਕਿਨ ਰੋਗ ਇਕ ਛੂਤ ਵਾਲਾ ਵਾਇਰਲ ਰੋਗ ਹੈ, ਜੋ ਕਿ ਪਸ਼ੂਆਂ ਨੂੰ ਪ੍ਰਭਾਵਿਤ ਕਰਦਾ ਹੈ। ਇਹ ਖੂਨ ਖਾਣ ਵਾਲੇ ਕੀੜਿਆਂ, ਜਿਵੇਂ ਕਿ ਮੱਖੀਆਂ ਅਤੇ ਮੱਛਰਾਂ ਦੀਆਂ ਕੁਝ ਕਿਸਮਾਂ ਜਾਂ ਚਿੱਚੜਾਂ ਵਲੋਂ ਫੈਲਦਾ ਹੈ। ਇਹ ਬੁਖਾਰ, ਚਮੜੀ 'ਤੇ ਗੰਢਾਂ ਦਾ ਕਾਰਨ ਬਣਦਾ ਹੈ ਅਤੇ ਪਸ਼ੂਆਂ ਦੀ ਮੌਤ ਵੀ ਹੋ ਸਕਦੀ ਹੈ। ਜਿਸ ਤਰ੍ਹਾਂ ਕੋਰੋਨਾ ਨੇ ਪੂਰੀ ਦੁਨੀਆ ਵਿਚ ਮਨੁੱਖੀ ਜੀਵਨ ਨੂੰ ਤਬਾਹ ਕਰ ਦਿੱਤਾ ਹੈ, ਉਸੇ ਤਰ੍ਹਾਂ ਇਹ ਬੇਜ਼ੁਬਾਨ ਪਸ਼ੂਆਂ ਨੂੰ ਵੀ ਆਪਣਾ ਸ਼ਿਕਾਰ ਬਣਾ ਰਿਹਾ ਹੈ।
ਲੰਪੀ ਸਕਿਨ ਰੋਗ ਦੇ ਲੱਛਣ
ਦੱਸਿਆ ਜਾ ਰਿਹਾ ਹੈ ਕਿ ਇਸ ਰੋਗ ਦੇ ਕਈ ਲੱਛਣ ਹਨ। ਇਸ ਕਾਰਨ ਪਸ਼ੂਆਂ ਨੂੰ ਬੁਖ਼ਾਰ, ਵਜ਼ਨ ਘੱਟ ਹੋਣਾ, ਅੱਖਾਂ ਅਤੇ ਨੱਕ ਦਾ ਵਹਿਣਾ, ਦੁੱਧ ਦਾ ਘੱਟ ਹੋਣਾ। ਇਸ ਦੇ ਨਾਲ ਹੀ ਇਸ ਰੋਗ ਕਾਰਨ ਸਰੀਰ ’ਚ ਗੰਢਾਂ ਵੀ ਬਣ ਜਾਂਦੀਆਂ ਹਨ। ਇਸ ਕਾਰਨ ਮਾਦਾ ਪਸ਼ੂਆਂ ਨੂੰ ਬਾਂਝਪਨ, ਗਰਭਪਾਤ, ਨਿਮੋਨੀਆ ਅਤੇ ਲੰਗੜਾਪਨ ਦਾ ਸ਼ਿਕਾਰ ਹੋਣਾ ਪੈਂਦਾ ਹੈ।
ਇਹ ਵੀ ਪੜ੍ਹੋ- ਦਿੱਲੀ: ਜੰਤਰ-ਮੰਤਰ ’ਤੇ ਕਿਸਾਨਾਂ ਦੀ ‘ਮਹਾਪੰਚਾਇਤ’, ਪੁਲਸ ਨੇ ਸੁਰੱਖਿਆ ਕੀਤੀ ਸਖ਼ਤ
ਜਾਣੋ ਇਸ ਬੀਮਾਰੀ ਦਾ ਇਲਾਜ
ਇਹ ਇਕ ਤਰ੍ਹਾਂ ਦਾ ਵਾਇਰਸ ਹੈ ਜਿਸ ਦਾ ਕੋਈ ਠੋਸ ਹੱਲ ਨਹੀਂ ਹੈ। ਅਜਿਹੀ ਸਥਿਤੀ ਵਿਚ ਪਸ਼ੂਆਂ ਨੂੰ ਪ੍ਰਭਾਵਿਤ ਖੇਤਰਾਂ ’ਚ ਜਾਣ ਤੋਂ ਰੋਕਣਾ ਹੋਵੇਗਾ। ਇਸ ਦੇ ਨਾਲ ਹੀ ਰੋਗ ਤੋਂ ਬਚਣ ਲਈ ਐਂਟੀਬਾਇਓਟਿਕਸ, ਐਂਟੀ-ਇਨਫਲੇਮੇਟਰੀ ਅਤੇ ਐਂਟੀਹਿਸਟਾਮਿਨਿਕ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਇਸ ਦੇ ਨਾਲ ਹੀ ਟੀਕਾਕਰਨ ਨੂੰ ਵਧਾਉਣਾ ਹੋਵੇਗਾ।