ਉੱਪ ਰਾਜਪਾਲ ਸਕਸੈਨਾ ਨੇ ਸਿਸੋਦੀਆ ਦੀ ਅਮਰੀਕੀ ਯਾਤਰਾ ਨੂੰ ਦਿੱਤੀ ਮਨਜ਼ੂਰੀ

Friday, Feb 03, 2023 - 02:44 PM (IST)

ਉੱਪ ਰਾਜਪਾਲ ਸਕਸੈਨਾ ਨੇ ਸਿਸੋਦੀਆ ਦੀ ਅਮਰੀਕੀ ਯਾਤਰਾ ਨੂੰ ਦਿੱਤੀ ਮਨਜ਼ੂਰੀ

ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਉੱਪ ਰਾਜਪਾਲ ਵੀਕੇ ਸਕਸੈਨਾ ਨੇ ਇਕ ਸਿੱਖਿਆ ਸੰਮੇਲਨ 'ਚ ਹਿੱਸਾ ਲੈਣ ਲਈ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਅਮਰੀਕਾ ਯਾਤਰਾ ਨੂੰ ਸਿਧਾਂਤਕ ਰੂਪ ਨਾਲ ਮਨਜ਼ੂਰੀ ਦੇ ਦਿੱਤੀ ਹੈ ਪਰ ਕਿਹਾ ਕਿ ਇਹ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੈ ਕਿ ਉਨ੍ਹਾਂ ਦੀ ਯਾਤਰਾ ਦਾ ਖਰਚ ਕੌਣ ਚੁੱਕੇਗਾ। ਉਨ੍ਹਾਂ ਦੱਸਿਆ ਕਿ ਯਾਤਰਾ ਲਈ ਦਿੱਲੀ ਸਰਕਾਰ ਦੇ ਸਿੱਖਿਆ  ਵਿਭਾਗ ਵਲੋਂ ਪੇਸ਼ ਕੀਤਾ ਗਿਆ ਪ੍ਰਸਤਾਵ ਸਿਸੋਦੀਆ ਦੀ ਮਨਜ਼ੂਰੀ ਤੋਂ ਬਾਅਦ ਉੱਪ ਰਾਜਪਾਲ ਕੋਲ ਭੇਜਿਆ ਗਿਆ ਸੀ। ਸਿੱਖਿਆ ਵਿਭਾਗ ਦੇ ਮੁਖੀ ਸਿਸੋਦੀਆ ਨੇ ਕੁਝ ਅਧਿਕਾਰੀਆਂ ਨਾਲ ਅਮਰੀਕਾ ਦੇ ਸਿਟੀ ਪੋਰਟਲੈਂਡ 'ਚ ਟੀ.ਈ.ਐੱਸ.ਓ.ਐੱਲ. ਸਿੱਖਿਆ ਸੰਮੇਲਨ 'ਚ ਹਿੱਸਾ ਲੈਣ ਦੀ ਇੱਛਾ ਜ਼ਾਹਰ ਕੀਤੀ ਸੀ।

ਇਕ ਅਧਿਕਾਰੀ ਨੇ ਕਿਹਾ,''ਪ੍ਰਸਤਾਵ 'ਚ ਸਪੱਸ਼ਟਤਾ ਦੀ ਕਮੀ ਹੈ ਕਿ ਸਿਸੋਦੀਆ ਦੀ ਯਾਤਰਾ ਦਾ ਖਰਚ ਕੌਣ ਚੁੱਕੇਗਾ। ਇਕ ਪੈਰਾ 'ਚ ਵਿਭਾਗ ਨੇ ਕਿਹਾ ਕਿ ਉੱਪ ਮੁੱਖ ਮੰਤਰੀ ਦੀ ਯਾਤਰਾ ਦਾ ਪੂਰਾ ਖਰਚ ਟੀ.ਈ.ਐੱਸ.ਓ.ਐੱਲ. ਵਲੋਂ ਉਠਾਇਆ ਜਾਵੇਗਾ ਅਤੇ ਸਰਕਾਰ 'ਤੇ ਇਸ ਦੀ ਕੋਈ ਵਿੱਤੀ ਜ਼ਿੰਮੇਵਾਰੀ ਨਹੀਂ ਹੋਵੇਗੀ।'' ਹਾਲਾਂਕਿ ਅੱਗੇ ਇਕ ਪੈਰਾ 'ਚ ਕਿਹਾ ਗਿਆ ਹੈ ਕਿ ਮਾਨਯੋਗ ਉੱਪ ਮੁੱਖ ਮੰਤਰੀ ਦੀ ਯਾਤਰਾ ਦਾ ਪੂਰਾ ਖਰਚ ਜੀ.ਏ.ਡੀ. (ਆਮ ਪ੍ਰਸ਼ਾਸਨ ਵਿਭਾਗ), ਜੀ.ਐੱਨ.ਸੀ.ਟੀ.ਡੀ. (ਦਿੱਲੀ ਸਰਕਾਰ) ਵਲੋਂ ਚੁੱਕਿਆ ਜਾਵੇਗਾ।'' ਅਧਿਕਾਰੀ ਨੇ ਦੱਸਿਆ ਕਿ ਸਕਸੈਨਾ ਨੇ ਇਨ੍ਹਾਂ ਦੋਹਾਂ ਬਿਆਨਾਂ ਨੂੰ ਵਿਰੋਧੀ ਮੰਨਦੇ ਹੋਏ ਪ੍ਰਸਤਾਵਿਤ ਯਾਤਰਾ ਲਈ ਸਿਧਾਂਤਕ ਤੌਰ 'ਤੇ ਮਨਜ਼ੂਰੀ ਦੇ ਦਿੱਤੀ ਹੈ। 


author

DIsha

Content Editor

Related News