1971 ਭਾਰਤ-ਪਾਕਿ ਜੰਗ : ਲੌਂਗੇਵਾਲਾ ਹੀਰੋ ਭੈਰੋਂ ਸਿੰਘ ਰਾਠੌਰ ਦਾ 81 ਸਾਲ ਦੀ ਉਮਰ ’ਚ ਦਿਹਾਂਤ

12/20/2022 12:16:17 PM

ਜੋਧਪੁਰ/ਨਵੀਂ ਦਿੱਲੀ (ਭਾਸ਼ਾ)- ਰਾਜਸਥਾਨ ਦੀ ਲੌਂਗੇਵਾਲਾ ਚੌਕੀ ’ਤੇ 1971 ਦੀ ਭਾਰਤ-ਪਾਕਿਸਤਾਨ ਜੰਗ ਵਿਚ ਬੇਮਿਸਾਲ ਸਾਹਸ ਅਤੇ ਅਸਾਧਾਰਨ ਵੀਰਤਾ ਦਿਖਾਉਣ ਵਾਲੇ ਬੀ.ਐੱਸ.ਐੱਫ. ਦੇ ਸਾਬਕਾ ਜਵਾਨ (ਫੌਜੀ) ਭੈਰੋਂ ਸਿੰਘ ਰਾਠੌਰ ਦਾ ਜੋਧਪੁਰ ਵਿਖੇ ਦਿਹਾਂਤ ਹੋ ਗਿਆ। ਭਾਰਤ-ਪਾਕਿਸਤਾਨ ਦੀ ਇਸ ਜੰਗ ’ਤੇ ਬਣੀ ਬਾਲੀਵੁੱਡ ਦੀ ਲੋਕਪ੍ਰਿਯ ਫਿਲਮ ‘ਬਾਰਡਰ’ ਵਿਚ ਅਭਿਨੇਤਾ ਸੁਨੀਲ ਸ਼ੈੱਟੀ ਨੇ ਉਨ੍ਹਾਂ ਦਾ ਕਿਰਦਾਰ ਨਿਭਾਇਆ ਸੀ। ਸਰਹੱਦੀ ਸੁਰੱਖਿਆ ਬਲ (ਬੀ.ਐੱਸ.ਐੱਫ.) ਨੇ ਟਵੀਟ ਕੀਤਾ ਕਿ ਜਾਂਬਾਜ਼ ਭੈਰੋਂ ਸਿੰਘ ਰਾਠੌਰ ਨੇ ਸੋਮਵਾਰ ਨੂੰ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਏਮਸ) ਜੋਧਪੁਰ ਵਿਚ ਆਖਰੀ ਸਾਹ ਲਿਆ। 1971 ਦੀ ਭਾਰਤ-ਪਾਕਿ ਜੰਗ ’ਚ ਦੁਸ਼ਮਣ ਦੇ ਦੰਦ ਖੱਟੇ ਕਰਨ ਵਾਲੇ ਭੈਰੋਂ ਸਿੰਘ ਨੂੰ ਸਾਲ 1972 ’ਚ ਸੈਨਾ ਮੈਡਲ ਮਿਲਿਆ ਸੀ। ਉਹ 1987 ’ਚ ਬੀ. ਐੱਸ. ਐੱਫ. ਤੋਂ ਸੇਵਾ-ਮੁਕਤ ਹੋਏ ਸਨ। 16 ਦਸੰਬਰ ਨੂੰ ਭਾਰਤ-ਪਾਕਿ ਜੰਗ ਦੇ 51 ਸਾਲ ਪੂਰੇ ਹੋ ਗਏ ਸਨ, ਤਾਂ ਉਸ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਰਿਵਾਰ ਨਾਲ ਗੱਲਬਾਤ ਕਰਕੇ ਭੈਰੋਂ ਸਿੰਘ ਦੀ ਸਿਹਤ ਬਾਰੇ ਜਾਣਕਾਰੀ ਲਈ ਸੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਿਛਲੇ ਸਾਲ ਦਸੰਬਰ ’ਚ ਜੈਸਲਮੇਰ ’ਚ ਰਾਠੌਰ ਨਾਲ ਮੁਲਾਕਾਤ ਕੀਤੀ ਸੀ। ਉਸ ਸਮੇਂ ਉਹ ਬੀ. ਐੱਸ. ਐੱਫ. ਦੇ ਸਥਾਪਨਾ ਦਿਵਸ ਦੇ ਸਮਾਗਮ ਲਈ ਸਰਹੱਦੀ ਸ਼ਹਿਰ ਗਏ ਸਨ।

ਭੈਰੋਂ ਸਿੰਘ ਦੀ ਵੀਰਗਾਥਾ : 7 ਘੰਟੇ ਤਕ ਫਾਇਰਿੰਗ ਕਰ ਕੇ 25 ਪਾਕਿਸਤਾਨੀ ਫੌਜੀਆਂ ਨੂੰ ਕੀਤਾ ਸੀ ਢੇਰ

ਭੈਰੋਂ ਸਿੰਘ ਨੂੰ ਥਾਰ ਰੇਗਿਸਤਾਨ ’ਚ ਲੌਂਗੇਵਾਲਾ ਚੌਕੀ ’ਚ ਤਾਇਨਾਤ ਸੀ, ਜੋ ਬੀ. ਐੱਸ. ਐੱਫ. ਦੀ ਇਕ ਛੋਟੀ ਜਿਹੀ ਟੁਕੜੀ ਦੀ ਕਮਾਂਡ ਸੰਭਾਲ ਰਹੇ ਸੀ। ਇਸ ਦੇ ਨਾਲ ਫੌਜ ਦੀ 23 ਪੰਜਾਬ ਰੈਜੀਮੈਂਟ ਦੀ ਇਕ ਕੰਪਨੀ ਸੀ, ਜਿਸ ਦੀ ਅਗਵਾਈ ਮੇਜਰ ਕੁਲਦੀਪ ਸਿੰਘ ਚਾਂਦਪੁਰੀ ਕਰ ਰਹੇ ਸਨ। ਇਨ੍ਹਾਂ ਟੁਕੜੀਆਂ ਨੇ 5 ਦਸੰਬਰ 1971 ਨੂੰ ਇਸੇ ਸਥਾਨ ’ਤੇ ਪਾਕਿਸਤਾਨੀ ਬ੍ਰਿਗੇਡ ਅਤੇ ਟੈਂਕ ਰੈਜੀਮੈਂਟ ਨੂੰ ਤਬਾਹ ਕਰ ਦਿੱਤਾ ਸੀ। 1971 ਦੀ ਜੰਗ ’ਚ ਜਦੋਂ ਪੰਜਾਬ ਰੈਜੀਮੈਂਟ ਦੇ 23 ਜਵਾਨਾਂ ’ਚੋਂ ਇਕ ਜਵਾਨ ਸ਼ਹੀਦ ਹੋ ਗਿਆ ਤਾਂ ਲਾਂਸ ਨਾਇਕ ਭੈਰੋਂ ਸਿੰਘ ਨੇ ਆਪਣੀ ਲਾਈਟ ਮਸ਼ੀਨ ਗੰਨ ਚੁੱਕੀ। ਇਸ ਤੋਂ ਬਾਅਦ ਅੱਗੇ ਵਧ ਰਹੇ ਦੁਸ਼ਮਣ ’ਤੇ ਹਮਲਾ ਕਰ ਕੇ ਉਸ ਦੀ ਕਮਰ ਤੋੜ ਦਿੱਤੀ। ਭੈਰੋਂ ਸਿੰਘ ਨੇ 7 ਘੰਟੇ ਤੱਕ ਲਗਾਤਾਰ ਫਾਇਰਿੰਗ ਕੀਤੀ ਅਤੇ ਪਾਕਿਸਤਾਨੀ ਫੌਜ ਦੇ 25 ਤੋਂ ਵੱਧ ਫੌਜੀਆਂ ਨੂੰ ਇਕੱਲਿਆਂ ਹੀ ਮੌਤ ਦੀ ਨੀਂਦ ਸੁਆ ਦਿੱਤਾ।


DIsha

Content Editor

Related News