ਲੋਕਾਂ ਦੀਆਂ ਗੱਲਾਂ ਸੁਣਨ ਨਾਲ ਮਜ਼ਬੂਤ ​​ਹੁੰਦਾ ਹੈ ਲੋਕਰਾਜ : ਰਾਹੁਲ

Sunday, Jun 18, 2023 - 04:59 PM (IST)

ਮੁੰਬਈ/ਨਵੀਂ ਦਿੱਲੀ, (ਯੂ. ਐੱਨ. ਆਈ.)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇੱਥੇ ਆਯੋਜਿਤ ਪਹਿਲੇ 3 ਦਿਨਾਂ ਰਾਸ਼ਟਰੀ ਵਿਧਾਇਕ ਸੰਮੇਲਨ ’ਚ ਹਿੱਸਾ ਲੈਣ ਵਾਲੇ ਲੋਕ ਪ੍ਰਤੀਨਿਧੀਆਂ ਨੂੰ ਵਧਾਈ ਦਿੰਦੇ ਹੋਏ ਸ਼ਨੀਵਾਰ ਕਿਹਾ ਕਿ ਲੋਕਾਂ ਦੀ ਆਵਾਜ਼ ਸੁਣਨੀ ਚਾਹੀਦੀ ਹੈ ਕਿਉਂਕਿ ਲੋਕਰਾਜ ਨੂੰ ਲੋਕਾਂ ਦੀਆਂ ਗੱਲਾਂ ਸੁਣਨ ਨਾਲ ਤਾਕਤ ਮਿਲਦੀ ਹੈ।

ਰਾਹੁਲ ਨੇ ਕਾਨਫਰੰਸ ਦੇ ਆਖਰੀ ਦਿਨ ਆਯੋਜਕਾਂ ਨੂੰ ਦਿੱਤੇ ਆਪਣੇ ਸੰਦੇਸ਼ ’ਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਵਿਧਾਇਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਸੰਮੇਲਨ ਦਾ ਆਯੋਜਨ ਕਰਨਾ ਜ਼ਰੂਰੀ ਹੈ। ਇਹ ਪਹਿਲੀ ਕਾਨਫਰੰਸ ਹੈ ਜਿਸ ਵਿੱਚ ਪੂਰੇ ਦੇਸ਼ ਦੇ ਵਿਧਾਇਕਾਂ ਨੇ ਹਿੱਸਾ ਲਿਆ ਹੈ ਅਤੇ ਪਾਰਟੀ ਲਾਈਨਾਂ ਤੋਂ ਵੱਖ ਹੋ ਕੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ ਹੈ।

ਕਾਂਗਰਸ ਨੇਤਾ ਨੇ ਕਿਹਾ ਕਿ ਭਾਰਤੀ ਲੋਕਤੰਤਰ ਸਮਾਜਿਕ ਤਾਣੇ-ਬਾਣੇ ਦੀ ਅਜਿਹੀ ਵਿਲੱਖਣ ਉਦਾਹਰਣ ਹੈ ਜੋ ਹਰ ਜਾਤ, ਵਰਗ, ਧਰਮ, ਖੇਤਰ ਅਤੇ ਭਾਈਚਾਰੇ ਦੇ ਲੋਕਾਂ ਨੂੰ ਬਰਾਬਰ ਅਧਿਕਾਰਾਂ ਨਾਲ ਰਹਿਣ ਦਾ ਮੌਕਾ ਦਿੰਦੀ ਹੈ। ਸਾਨੂੰ ਮਨੁੱਖਤਾ ਅਤੇ ਏਕਤਾ ਦਾ ਇਹ ਰਾਹ ਮਹਾਤਮਾ ਗਾਂਧੀ ਤੋਂ ਲੈ ਕੇ ਬੀ.ਆਰ. ਅੰਬੇਡਕਰ, ਮਹਾਨ ਸਮਾਜ ਸੁਧਾਰਕ ਵਾਸਵੰਨਾ, ਨਾਰਾਇਣ ਗੁਰੂ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਵਰਗੇ ਮਹਾਨ ਮਹਾਪੁਰਖਾਂ ਨੇ ਵਿਖਾਇਆ ਹੈ। ਇਨ੍ਹਾਂ ਸਾਰੇ ਮਹਾਪੁਰਖਾਂ ਨੇ ਸਮਾਜ ਵਿੱਚ ਅਨੇਕਤਾ ਵਿੱਚ ਏਕਤਾ ਦਾ ਪ੍ਰਭਾਵਸ਼ਾਲੀ ਵਿਚਾਰ ਦਿੱਤਾ ਹੈ । ਉਨ੍ਹਾਂ ਦੇ ਵਿਚਾਰ ਸਾਡੇ ਸਮਾਜ ਦੀ ਵਿਰਾਸਤ ਹਨ।

ਰਾਹੁਲ ਗਾਂਧੀ ਨੇ ਕਿਹਾ ਕਿ ਆਪਣੇ ਜਨਤਕ ਜੀਵਨ ਦੇ ਪਿਛਲੇ 10 ਮਹੀਨਿਆਂ ਦੌਰਾਨ ਅਤੇ ਖਾਸ ਤੌਰ ’ਤੇ ‘ਭਾਰਤ ਜੋੜੋ ਯਾਤਰਾ’ ਦੌਰਾਨ ਉਨ੍ਹਾਂ ਲੋਕਾਂ ਨਾਲ ਗਲਬਾਤ ਦੀ ਸ਼ਕਤੀ ਨੂੰ ਪਛਾਣਿਆ ਹੈ । ਨਾਲ ਹੀ ਉਸ ਸ਼ਕਤੀ ਦਾ ਚਮਤਕਾਰ ਮਹਿਸੂਸ ਕੀਤਾ ਹੈ ਜੋ ਲੋਕਾਂ ਦੀ ਗੱਲ ਸੁਣ ਕੇ ਮਿਲਦੀ ਹੈ। ਭਾਰਤ ਦੇ ਭਵਿੱਖ ਦਾ ਫੈਸਲਾ ਕਰਨ ਦੀ ਜਿੰਮੇਵਾਰੀ ਇਸ ਦੇ ਨੇਤਾਵਾਂ ਦੀ ਹੈ । ਇੱਥੇ ਮੌਜੂਦ ਨੇਤਾਵਾਂ ਦਾ ਫਰਜ਼ ਹੈ ਕਿ ਉਹ ਦੇਸ਼ ਦੇ ਭਵਿੱਖ ਨੂੰ ਦਿਸ਼ਾ ਦੇਣ ਲਈ ਆਪਣੀ ਜ਼ਿੰਮੇਵਾਰੀ ਨਿਭਾਉਣ।


Rakesh

Content Editor

Related News