ਸਰਕਾਰੀ ਅਧਿਕਾਰੀਆਂ ਦੇ ਕੰਪਲੈਕਸਾਂ ''ਤੇ ਲੋਕਾਯੁਕਤ ਦਾ ਛਾਪਾ, ਮਿਲਿਆ ਲੱਖਾਂ ਦਾ ਸਾਮਾਨ
Thursday, Nov 21, 2024 - 04:27 PM (IST)
ਬੈਂਗਲੁਰੂ- ਕਰਨਾਟਕ ਲੋਕਾਯੁਕਤ ਵਲੋਂ ਛਾਪੇਮਾਰੀ ਦੌਰਾਨ ਨਕਦੀ, ਗਹਿਣੇ, ਘੜੀਆਂ ਅਤੇ ਸਮਾਰਕਾਂ ਦਾ ਭਾਰੀ ਜ਼ਖੀਰਾ ਬਰਾਮਦ ਕੀਤਾ ਗਿਆ ਹੈ। ਸੂਬੇ ਦੇ ਚਾਰ ਸਰਕਾਰੀ ਅਧਿਕਾਰੀਆਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਬੈਂਗਲੁਰੂ, ਮਾਂਡਿਆ ਅਤੇ ਚਿੱਕਬੱਲਾਪੁਰ 'ਚ ਛਾਪੇਮਾਰੀ ਕੀਤੀ ਗਈ। ਆਮਦਨ ਦੇ ਜਾਣੇ-ਪਛਾਣੇ ਸਰੋਤਾਂ ਤੋਂ ਵੱਧ ਜਾਇਦਾਦ ਦੇ ਮਾਮਲਿਆਂ ਦੀ ਜਾਂਚ ਦੇ ਸਬੰਧ ਵਿਚ ਚਾਰ ਅਧਿਕਾਰੀਆਂ ਨਾਲ ਜੁੜੇ ਕਈ ਟਿਕਾਣਿਆਂ 'ਤੇ ਛਾਪੇ ਮਾਰੇ ਗਏ।
ਜਿਨ੍ਹਾਂ ਅਧਿਕਾਰੀਆਂ ਦੇ ਕੰਪਲੈਕਸਾਂ 'ਚ ਛਾਪੇਮਾਰੀ ਕੀਤੀ ਗਈ, ਉਨ੍ਹਾਂ 'ਚ 'ਮਾਈਨਜ਼ ਐਂਡ ਜਿਓਲੋਜੀ' ਵਿਭਾਗ ਦੇ ਸੀਨੀਅਰ ਭੂ-ਵਿਗਿਆਨੀ ਕ੍ਰਿਸ਼ਨਾਵੇਣੀ ਐਮ. ਸੀ, 'ਕਾਵੇਰੀ ਨੀਰਾਵਰੀ ਕਾਰਪੋਰੇਸ਼ਨ ਸਰਫੇਸ ਵਾਟਰ ਡਾਟਾ ਸੈਂਟਰ' ਦੇ ਮੈਨੇਜਿੰਗ ਡਾਇਰੈਕਟਰ ਮਹੇਸ਼, ਟਾਊਨ ਐਂਡ ਕੰਟਰੀ ਪਲਾਨਿੰਗ ਦੇ ਡਾਇਰੈਕਟਰ ਐਨ. ਕੇ ਥਿੱਪੇਸਵਾਮੀ ਅਤੇ ਸੰਯੁਕਤ ਆਬਕਾਰੀ ਕਮਿਸ਼ਨਰ ਦਫ਼ਤਰ ਦੇ ਆਬਕਾਰੀ ਪ੍ਰਧਾਨ ਮੋਹਨ ਕੇ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਲੋਕਾਯੁਕਤ ਅਧਿਕਾਰੀ ਦਸਤਾਵੇਜ਼ਾਂ, ਜਾਇਦਾਦਾਂ ਅਤੇ ਕੀਮਤੀ ਸਮਾਨ ਦੀ ਜਾਂਚ ਕਰ ਰਹੇ ਹਨ।