ਲੋਕ ਸਭਾ ਦੀ ਕਾਰਵਾਈ 2 ਵਜੇ ਤੱਕ ਲਈ ਮੁਲਤਵੀ, ਵਿਛੜੀਆਂ ਰੂਹਾਂ ਨੂੰ ਦਿੱਤੀ ਗਈ ਸ਼ਰਧਾਂਜਲੀ

07/18/2022 12:04:09 PM

ਨਵੀਂ ਦਿੱਲੀ– ਲੋਕ ਸਭਾ ’ਚ ਅੱਜ ਯਾਨੀ ਕਿ ਸੋਮਵਾਰ ਨੂੰ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ, ਸੰਯੁਕਤ ਅਰਬ ਅਮੀਰਾਤ (UAE) ਦੇ ਸਾਬਕਾ ਰਾਸ਼ਟਰਪਤੀ ਸ਼ੇਖ ਖ਼ਲੀਫਾ ਬਿਨ ਜਾਯੇਦ ਅਲ ਨਾਹਾਨ ਅਤੇ ਕੀਨੀਆ ਦੇ ਸਾਬਕਾ ਰਾਸ਼ਟਰਪਤੀ ਮਵਾਈ ਕਿਬਾਕੀ ਦੇ ਦਿਹਾਂਤ ’ਤੇ ਸ਼ਰਧਾਂਜਲੀ ਭੇਟ ਕੀਤੀ ਗਈ। ਲੋਕ ਸਭਾ ਦੇ ਮਾਨਸੂਨ ਸੈਸ਼ਨ ਤੋਂ ਪਹਿਲਾਂ ਦਿਨ ਦੀ ਕਾਰਵਾਈ ਸ਼ੁਰੂ ਹੋਣ ’ਤੇ ਸਭ ਤੋਂ ਪਹਿਲਾਂ ਲੋਕ ਸਭਾ ਸਪੀਕਰ ਓਮ ਬਿਰਲਾ ਨੇ 4 ਲੋਕ ਸਭਾ ਸੀਟਾਂ ਦੀਆਂ ਜ਼ਿਮਨੀ ਚੋਣਾਂ ’ਚ ਜੇਤੂ ਮੈਂਬਰਾਂ ਨੂੰ ਸਹੁੰ ਚੁਕਾਈ। ਪੰਜਾਬ ਦੀ ਸੰਗਰੂਰ ਸੀਟ ਤੋਂ ਜੇਤੂ ਸਿਮਰਨਜੀਤ ਸਿੰਘ ਮਾਨ, ਉੱਤਰ ਪ੍ਰਦੇਸ਼ ਦੀ ਰਾਮਪੁਰ ਸੀਟ ਤੋਂ ਜੇਤੂ ਘਨਸ਼ਿਆਮ ਸਿੰਘ ਲੋਧੀ, ਆਜ਼ਮਗੜ੍ਹ ਸੀਟ ਤੋਂ ਚੁਣੇ ਗਏ ਦਿਨੇਸ਼ ਲਾਲ ਯਾਦਵ ‘ਨਿਰਹੂਆ’ ਅਤੇ ਪੱਛਮੀ ਬੰਗਾਲ ਦੀ ਆਸਨਸੋਲ ਸੀਟ ਤੋਂ ਚੁਣੇ ਗਏ ਸ਼ਤਰੂਘਨ ਪ੍ਰਸਾਦ ਸਿਨਹਾ ਨੇ ਸਹੁੰ ਚੁੱਕੀ। 

ਸਹੁੰ ਚੁੱਕ ਸਮਾਗਮ ਤੋਂ ਬਾਅਦ ਸਪੀਕਰ ਨੇ ਸਾਬਕਾ ਮੈਂਬਰ ਸ਼੍ਰੀਮਤੀ ਰਬਿੰਦਰ ਕੁਮਾਰ ਰਾਣਾ, ਟੀ. ਬਸ਼ੀਰ, ਨਵਲ ਕਿਸ਼ੋਰ ਰਾਏ, ਸਾਬਕਾ ਕੇਂਦਰੀ ਮੰਤਰੀ ਸੁਖਰਾਮ, ਹੁਸੈਨ ਦਲਵਈ, ਸ਼ਿਵਾਜੀ ਪਟਨਾਇਕ ਸਮੇਤ ਤਿੰਨੋਂ ਵਿਦੇਸ਼ੀ ਸਾਬਕਾ ਸ਼ਾਸਨ ਪ੍ਰਧਾਨਾਂ ਦੇ ਦਿਹਾਂਤ ਬਾਰੇ ਜਾਣਕਾਰੀ ਦਿੱਤੀ। ਸਦਨ ’ਚ ਸੰਸਦ ਮੈਂਬਰਾਂ ਨੇ ਦੋ ਮਿੰਟ ਦਾ ਮੌਨ ਰੱਖ ਕੇ ਵਿਛੜੀਆਂ ਰੂਹਾਂ ਦੀ ਸ਼ਾਂਤੀ ਲਈ ਪ੍ਰਾਰਥਨਾ ਕੀਤੀ ਅਤੇ ਸ਼ਰਧਾਂਜਲੀ ਭੇਟ ਕੀਤੀ। 

ਰਾਸ਼ਟਰਪਤੀ ਦੀ ਚੋਣ ਲਈ ਵੋਟਿੰਗ ਵਿੱਚ ਉਤਸ਼ਾਹ ਨਾਲ ਹਿੱਸਾ ਲੈਣ ਦੀ ਅਪੀਲ ਕਰਦਿਆਂ ਸਦਨ ਦੀ ਕਾਰਵਾਈ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਅੱਜ ਸਦਨ ਵਿੱਚ ਮੈਂਬਰਾਂ ਦੀ ਪੂਰੀ ਗਿਣਤੀ ਹੋਣ ਕਾਰਨ ਸੰਸਦ ਭਰੀ ਹੋਈ ਨਜ਼ਰ ਆਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ, ਕਾਂਗਰਸ ਨੇਤਾ ਸ਼੍ਰੀਮਤੀ ਸੋਨੀਆ ਗਾਂਧੀ, ਰਾਹੁਲ ਗਾਂਧੀ ਆਦਿ ਸਾਰੇ ਪ੍ਰਮੁੱਖ ਨੇਤਾ ਸਦਨ ​​ਵਿਚ ਮੌਜੂਦ ਸਨ।


Tanu

Content Editor

Related News