ਲੋਕ ਸਭਾ ਦਾ ਸੈਸ਼ਨ ਸੋਮਵਾਰ ਤੋਂ, ਮਹਿਤਾਬ ਨੂੰ ਪ੍ਰੋਟੇਮ ਸਪੀਕਰ ਬਣਾਏ ਜਾਣ 'ਤੇ ਸਦਨ ਹੰਗਾਮੀ ਰਹਿਣ ਦੇ ਆਸਾਰ

Sunday, Jun 23, 2024 - 12:25 PM (IST)

ਨਵੀਂ ਦਿੱਲੀ (ਭਾਸ਼ਾ)- 18ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ ਸੋਮਵਾਰ ਤੋਂ ਸ਼ੁਰੂ ਹੋ ਰਿਹਾ ਹੈ, ਜਿਸ 'ਚ ਨਵੇਂ ਚੁਣੇ ਗਏ ਮੈਂਬਰਾਂ ਨੂੰ ਸਹੁੰ ਚੁਕਾਈ ਜਾਵੇਗੀ। ਇਸ ਤੋਂ ਬਾਅਦ 26 ਜੂਨ ਨੂੰ ਲੋਕ ਸਭਾ ਦੇ ਸਪੀਕਰ ਦੀ ਚੋਣ ਹੋਵੇਗੀ ਅਤੇ 27 ਜੂਨ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੋਹਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਨਗੇ। ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾ ਅਤੇ 7 ਵਾਰ ਸੰਸਦ ਮੈਂਬਰ ਰਹੇ ਭਰਤਹਿਰੀ ਮਹਿਤਾਬ ਨੂੰ ਸੰਸਦ ਦੇ ਹੇਠਲੇ ਸਦਨ ਦੇ ਅਸਥਾਈ ਸਪੀਕਰ (ਪ੍ਰੋਟੇਮ ਸਪੀਕਰ) ਨਿਯੁਕਤ ਕੀਤੇ ਜਾਣ ਕਾਰਨ ਸੈਸ਼ਨ ਦੌਰਾਨ ਲੋਕ ਸਭਾ ਵਿਚ ਰੌਲਾ ਪੈਣ ਦੀ ਸੰਭਾਵਨਾ ਹੈ। ਵਿਰੋਧੀ ਧਿਰ ਨੇ ਮਹਿਤਾਬ ਦੀ ਅਸਥਾਈ ਪ੍ਰਧਾਨ ਵਜੋਂ ਨਿਯੁਕਤੀ ਦੀ ਸਖ਼ਤ ਆਲੋਚਨਾ ਕੀਤੀ ਹੈ ਅਤੇ ਦੋਸ਼ ਲਾਇਆ ਹੈ ਕਿ ਸਰਕਾਰ ਨੇ ਇਸ ਅਹੁਦੇ ਲਈ ਕਾਂਗਰਸ ਦੇ ਸੰਸਦ ਮੈਂਬਰ ਕੇ. ਸੁਰੇਸ਼ ਦੇ ਦਾਅਵੇ ਦੀ ਅਣਦੇਖੀ ਕੀਤੀ ਹੈ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰੇਨ ਰਿਜਿਜੂ ਨੇ ਕਿਹਾ ਹੈ ਕਿ ਮਹਿਤਾਬ 7 ਵਾਰ ਦੇ ਲੋਕ ਸਭਾ ਮੈਂਬਰ ਹਨ, ਜਿਸ ਕਾਰਨ ਉਹ ਇਸ ਅਹੁਦੇ ਲਈ ਯੋਗ ਹਨ। ਉਨ੍ਹਾਂ ਕਿਹਾ ਕਿ ਸੁਰੇਸ਼ 1998 ਅਤੇ 2004 'ਚ ਚੋਣਾਂ ਹਾਰ ਗਏ ਸਨ, ਜਿਸ ਕਾਰਨ ਉਨ੍ਹਾਂ ਦਾ ਮੌਜੂਦਾ ਕਾਰਜਕਾਲ ਹੇਠਲੇ ਸਦਨ 'ਚ ਉਨ੍ਹਾਂ ਦਾ ਲਗਾਤਾਰ ਚੌਥਾ ਕਾਰਜਕਾਲ ਹੈ। ਇਸ ਤੋਂ ਪਹਿਲਾਂ ਉਹ 1989, 1991, 1996 ਅਤੇ 1999 'ਚ ਲੋਕ ਸਭਾ ਲਈ ਚੁਣੇ ਗਏ ਸਨ।

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਸੋਮਵਾਰ ਨੂੰ ਰਾਸ਼ਟਰਪਤੀ ਭਵਨ 'ਚ ਮਹਿਤਾਬ ਨੂੰ ਲੋਕ ਸਭਾ ਦੇ ਅਸਥਾਈ ਸਪੀਕਰ ਵਜੋਂ ਸਹੁੰ ਚੁਕਾਏਗੀ। ਇਸ ਤੋਂ ਬਾਅਦ ਮਹਿਤਾਬ ਸੰਸਦ ਭਵਨ ਪਹੁੰਚਣਗੇ ਅਤੇ ਦੁਪਹਿਰ 11 ਵਜੇ ਲੋਕ ਸਭਾ ਦੀ ਕਾਰਵਾਈ ਸ਼ੁਰੂ ਕਰਨਗੇ। ਕਾਰਵਾਈ ਦੀ ਸ਼ੁਰੂਆਤ 'ਚ ਕੁਝ ਪਲਾਂ ਲਈ ਮੌਨ ਰੱਖਿਆ ਜਾਵੇਗਾ। ਇਸ ਤੋਂ ਬਾਅਦ ਲੋਕ ਸਭਾ ਜਨਰਲ ਸਕੱਤਰ ਉਤਪਲ ਕੁਮਾਰ ਸਿੰਘ ਹੇਠਲੇ ਸਦਨ ਲਈ ਚੁਣੇ ਮੈਂਬਰਾਂ ਦੀ ਸੂਚੀ ਸਦਨ ਦੇ ਮੇਜ਼ 'ਤੇ ਰੱਖਣਗੇ। ਇਸ ਤੋਂ ਬਾਅਦ ਮਹਿਤਾਬ ਲੋਕ ਸਭਾ ਦੇ ਨੇਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਦਨ ਦੀ ਮੈਂਬਰਸ਼ਿਪ ਦੀ ਸਹੁੰ ਚੁੱਕਣ ਦੀ ਅਪੀਲ ਕਰਨਗੇ। ਇਸ ਤੋਂ ਬਾਅਦ ਪ੍ਰੋਟੇਮ ਸਪੀਕਰ, ਰਾਸ਼ਟਰਪਤੀ ਵਲੋਂ ਨਿਯੁਕਤ ਸਪੀਕਰਾਂ ਦੀ ਕਮੇਟੀ ਨੂੰ ਸਹੁੰ ਚੁਕਾਉਣਗੇ, ਜੋ 26 ਜੂਨ ਲੋਕ ਸਭਆ ਸਪੀਕਰ ਦੀ ਚੋਣ ਹੋਣ ਤੱਕ ਸਦਨ ਦੀ ਕਾਰਵਾਈ ਚਲਾਉਣ 'ਚ ਉਨ੍ਹਾਂ ਦੀ ਮਦਦ ਕਰੇਗੀ। ਰਾਸ਼ਟਰਪਤੀ ਨੇ ਲੋਕ ਸਭਾ ਦੇ ਨਵੇਂ ਚੁਣੇ ਮੈਂਬਰਾਂ ਨੂੰ ਸਹੁੰ ਚੁਕਾਉਣ 'ਚ ਮਹਿਤਾਬ ਦੀ ਮਦਦ ਲਈ ਕੋਡਿਕੁਨਿੰਲ ਸੁਰੇਸ਼ (ਕਾਂਗਰਸ), ਟੀ.ਆਰ. ਬਾਲੂ (ਦਰਮੁਕ), ਰਾਧਾ ਮੋਹਨ ਸਿੰਘ ਅਤੇ ਫੱਗਨ ਸਿੰਘ ਕੁਲਸਤੇ (ਭਾਜਪਾ) ਅਤੇ ਸੁਦੀਪ ਬੰਦੋਪਾਧਿਆਏ (ਤ੍ਰਿਣਮੂਲ ਕਾਂਗਰਸ) ਨੂੰ ਨਿਯੁਕਤ ਕੀਤਾ ਹੈ। ਸਪੀਕਰਾਂ ਦੀ ਕਮੇਟੀ ਤੋਂ ਬਾਅਦ ਪ੍ਰੋਟੇਮ ਸਪੀਕਰ ਕੈਬਨਿਟ ਦੇ ਮੈਂਬਰਾ ਨੂੰ ਲੋਕ ਸਭਾ ਦੇ ਮੈਂਬਰ ਵਜੋਂ ਸਹੁੰ ਚੁਕਾਉਣਗੇ। ਇਹ ਮੈਂਬਰ ਆਪਣੇ-ਆਪਣੇ ਨਾਂ ਦੇ ਪਹਿਲੇ ਅੱਖਰ ਦੇ ਕ੍ਰਮ 'ਚ ਅਗਲੇ 2 ਦਿਨਾਂ 'ਚ ਸਹੁੰ ਚੁੱਕਣਗੇ। ਲੋਕ ਸਭਾ ਸਪੀਕਰ ਅਹੁਦੇ ਲਈ ਚੋਣਾਂ ਬੁੱਧਵਾਰ ਨੂੰ ਹੋਣਗੀਆਂ। ਰਾਸ਼ਟਰਪਤੀ 27 ਜੂਨ ਨੂੰ ਸੰਸਦ ਦੇ ਦੋਹਾਂ ਸਦਨਾਂ ਦੀ ਸੰਯੁਕਤ ਬੈਠਕ ਨੂੰ ਸੰਬੋਧਨ ਕਰੇਗੀ। ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਪ੍ਰਸਤਾਵ 'ਤੇ ਚਰਚਾ 28 ਜੂਨ ਨੂੰ ਸ਼ੁਰੂ ਹੋਵੇਗੀ। ਪ੍ਰਧਾਨ ਮੰਤਰੀ ਵਲੋਂ 2 ਜਾਂ ਤਿੰਨ ਜੁਲਾਈ ਨੂੰ ਇਸ ਚਰਚਾ 'ਤੇ ਆਪਣਾ ਜਵਾਬ ਦੇਣ ਦੀ ਉਮੀਦ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e


DIsha

Content Editor

Related News