ਲੋਕ ਸਭਾ ਚੋਣਾਂ : ਅੰਨਾ ਦ੍ਰਮੁਕ, BJP ਤੇ PMK ਦੀ ਤਿੱਕੜੀ ਨੇ ਮਿਲਾਇਆ ਹੱਥ
Wednesday, Feb 20, 2019 - 08:34 AM (IST)

ਚੇਨਈ, (ਯੂ. ਐੱਨ.ਆਈ.)– ਤਾਮਿਲਨਾਡੂ ਵਿਚ ਸੱਤਾਧਾਰੀ ਅੰਨਾ ਦ੍ਰਮੁਕ ਨੇ ਲੋਕ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਪੱਟਾਲੀ ਮੱਕਲ ਕਾਚੀ (ਪੀ. ਐੱਮ. ਕੇ.) ਦੇ ਨਾਲ ਗਠਜੋੜ ਕਰਨ ਦਾ ਮੰਗਲਵਾਰ ਨੂੰ ਐਲਾਨ ਕੀਤਾ। ਪੀ. ਐੱਮ. ਕੇ. ਦੇ ਸੰਸਥਾਪਕ ਡਾ. ਐੱਸ. ਰਾਮਦਾਸ ਨਾਲ ਗਠਜੋੜ ਹੋਣ ਦੇ ਕੁਝ ਹੀ ਘੰਟੇ ਬਾਅਦ ਅੰਨਾ ਦ੍ਰਮੁਕ ਨੇ ਭਾਜਪਾ ਨਾਲ ਵੀ ਲੋਕ ਸਭਾ ਚੋਣਾਂ ਲਈ ਗਠਜੋੜ ਦਾ ਐਲਾਨ ਕੀਤਾ। ਤਾਮਿਲਨਾਡੂ ਦੀਆਂ 239 ਲੋਕ ਸਭਾ ਸੀਟਾਂ ਵਿਚੋਂ ਪੀ. ਐੱਮ. ਕੇ. 7 ਸੀਟਾਂ ’ਤੇ ਚੋਣ ਲੜੇਗੀ। ਇਸ ਤੋਂ ਇਲਾਵਾ ਅਗਲੇ ਸਾਲ ਇਕ ਰਾਜ ਸਭਾ ਸੀਟ ’ਤੇ ਪੀ. ਐੱਮ. ਕੇ. ਚੋਣ ਲੜੇਗੀ। ਭਾਜਪਾ ਦੇ ਤਾਮਿਲਨਾਡੂ ਮਾਮਲਿਆਂ ਦੇ ਇੰਚਾਰਜ ਰੇਲ ਮੰਤਰੀ ਪਿਊਸ਼ ਗੋਇਲ ਦੀ ਅੰਨਾ ਦ੍ਰਮੁਕ ਦੇ ਨੇਤਾਵਾਂ ਨਾਲ 4 ਘੰਟੇ ਤੱਕ ਚੱਲੀ ਬੈਠਕ ਤੋਂ ਬਾਅਦ ਇਹ ਗਠਜੋੜ ਹੋਇਆ। ਸਮਝੌਤੇ ਦੇ ਤਹਿਤ ਭਾਜਪਾ ਤਾਮਿਲਨਾਡੂ ਵਿਚ 5 ਲੋਕ ਸਭਾ ਸੀਟਾਂ ’ਤੇ ਉਮੀਦਵਾਰ ਉਤਾਰੇਗੀ।
ਗੌਰਤਲਬ ਹੈ ਕਿ ਭਾਜਪਾ ਨੇ ਸੋਮਵਾਰ ਨੂੰ ਮਹਾਰਾਸ਼ਟਰ ਵਿਚ ਸ਼ਿਵ ਸੈਨਾ ਨਾਲ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਲੜਨ ਲਈ ਗਠਜੋੜ ਕੀਤਾ ਹੈ। ਇਸ ਦੇ ਤਹਿਤ ਭਾਜਪਾ ਮਹਾਰਾਸ਼ਟਰ ਦੀਆਂ 48 ਲੋਕ ਸਭਾ ਸੀਟਾਂ ਵਿਚੋਂ 25 ਅਤੇ ਸ਼ਿਵ ਸੈਨਾ 23 ਸੀਟਾਂ ’ਤੇ ਚੋਣ ਲੜੇਗੀ। ਲੋਕ ਸਭਾ ਚੋਣਾਂ ਦੇ ਕੁਝ ਮਹੀਨਿਆਂ ਬਾਅਦ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਦੋਵੇਂ ਪਾਰਟੀਆਂ ਬਰਾਬਰ-ਬਰਾਬਰ ਸੀਟਾਂ ’ਤੇ ਉਮੀਦਵਾਰ ਖੜ੍ਹੇ ਕਰਨਗੀਆਂ। ਮਹਾਰਾਸ਼ਟਰ ਵਿਚ ਵਿਧਾਨ ਸਭਾ ਦੀਆਂ 288 ਸੀਟਾਂ ਹਨ।